ਪਾਕਿਸਤਾਨ 360 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾਅ
Friday, Apr 05, 2019 - 08:13 PM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਨੇ 360 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਾਰੇ ਮਛੇਰਿਆਂ ਨੂੰ ਅਰਬ ਸਾਗਰ ਤੋਂ ਜਲ ਖੇਤਰ ਨੂੰ ਨਾਜਾਇਜ਼ ਤਰੀਕੇ ਨਾਲ ਪਾਰ ਕਰਨ ਦੇ ਦੋਸ਼ ਵਿਚ ਫੜਿਆ ਗਿਆ ਸੀ। ਪਾਕਿਸਤਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਜ਼ਲ ਮੁਤਾਬਕ ਪਾਕਿਸਤਾਨ 15 ਅਪ੍ਰੈਲ ਤੋਂ ਚਾਰ ਪੜਾਅ ਵਿਚ 360 ਭਾਰਤੀ ਮਛੇਰਿਆਂ ਨੂੰ ਰਿਹਾਅ ਕਰੇਗਾ। ਪਾਕਿਸਤਾਨ ਅਤੇ ਭਾਰਤ ਆਪੋ-ਆਪਣੇ ਜਲ ਖੇਤਰਾਂ ਵਿਚ ਨਾਜਾਇਜ਼ ਤੌਰ 'ਤੇ ਮੱਛੀ ਫੜਣ ਲਈ ਮਛੇਰਿਆਂ ਦੇ ਦਾਖਲ ਹੋਣ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਦੇ ਰਹਿੰਦੇ ਹਨ, ਪਰ ਦੋਵੇਂ ਦੇਸ਼ ਅਜੇ ਤੱਕ ਸਮੁੰਦਰੀ ਹੱਦ ਨੂੰ ਲੈ ਕੇ ਕਿਸੇ ਵੀ ਸਮਝੌਤੇ 'ਤੇ ਨਹੀਂ ਪਹੁੰਚੇ ਹਨ।
ਹਾਲ ਹੀ ਵਿਚ ਭਾਰਤ ਨੇ ਪਾਕਿਸਤਾਨ ਨੂੰ ਚਿੱਠੀ ਲਿਖ ਕੇ ਉਥੋਂ ਦੀ ਜੇਲ ਵਿਚ ਬੰਦ 10 ਭਾਰਤੀ ਕੈਦੀਆਂ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਨੂੰ ਤੁਰੰਤ ਰਿਹਾਅ ਕਰਨ ਅਤੇ ਵਾਪਸ ਭੇਜਣ ਦੀ ਮੰਗ ਕੀਤੀ ਸੀ। ਭਾਰਤ ਅਤੇ ਪਾਕਿਸਤਾਨ ਨੇ ਸਾਲ ਦੇ ਪਹਿਲੇ ਦਿਨ ਇਕ ਸਮਝੌਤੇ ਤਹਿਤ ਇਕ-ਦੂਜੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਦੀ ਸੂਚੀ ਸੌਂਪੀ ਸੀ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਹਿਰਾਸਤ ਵਿਚ ਮੌਜੂਦ 249 ਪਾਕਿਸਤਾਨੀ ਕੈਦੀਆਂ ਅਤੇ 98 ਮਛੇਰਿਆਂ ਦੀ ਸੂਚੀ ਸੌਂਪੀ। ਜਦੋਂ ਕਿ ਪਾਕਿਸਤਾਨ ਨੇ ਆਪਣੀ ਹਿਰਾਸਤ ਵਿਚ 54 ਨਾਗਰਿਕਾਂ ਅਤੇ 483 ਮਛੇਰਿਆਂ ਦੀ ਸੂਚੀ ਸੌਂਪੀ ਸੀ। ਇਹ ਸੂਚੀਆਂ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਡਿਪਲੋਮੈਟਾਂ ਵਲੋਂ ਇਕ-ਦੂਜੇ ਨੂੰ ਸੌਂਪੀਆਂ ਗਈਆਂ ਸਨ।