ਕੋਰੋਨਾਵਾਇਰਸ ਕਾਰਨ ਅਫਗਾਨਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਬੰਦ ਕਰੇਗਾ ਪਾਕਿ

03/01/2020 4:22:25 PM

ਇਸਲਾਮਾਬਾਦ- ਅਫਗਾਨਿਸਤਾਨ ਵਿਚ ਫੈਲੇ ਕੋਰੋਨਾਵਾਇਰਸ ਨੂੰ ਦੇਖਦਿਆਂ ਪਾਕਿਸਤਾਨ ਨੇ ਗੁਆਂਢੀ ਦੇਸ਼ ਨਾਲ ਲੱਗਣ ਵਾਲੀਆਂ ਸਰਹੱਦਾਂ ਨੂੰ 7 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਸਰਹੱਦ ਬੰਦ ਕਰਨ ਦਾ ਟੀਚਾ ਪਾਕਿਸਤਾਨ ਵਿਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ। ਇਹ ਐਲਾਨ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਹੋਇਆ ਹੈ। ਇਸ ਨਾਲ ਦੇਸ਼ ਵਿਚ ਵਾਇਰਸ ਦੇ ਪੀੜਤ ਲੋਕਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਦੋਵਾਂ ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬਲੋਚਿਸਤਾਨ ਦੇ ਚਮਨ ਵਿਚ ਅੰਤਰਰਾਸ਼ਟਰੀ ਸਰਹੱਦ ਦੋ ਮਾਰਚ ਤੋਂ 7 ਦਿਨਾਂ ਲਈ ਬੰਦ ਰਹੇਗੀ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਮਿਆਦ ਵਿਚ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕਰਨ ਦੇ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਐਕਸਪ੍ਰੈੱਸ ਟ੍ਰਿਬਿਊਨ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਕਰਾਚੀ ਸਣੇ ਦੱਖਣੀ ਸਿੰਧ ਸੂਬੇ ਤੇ ਦੱਖਣ-ਪੱਛਮ ਬਲੋਚਿਸਤਾਨ ਸੂਬੇ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਕਰਾਚੀ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ਵਿਚ ਈਰਾਨ ਤੋਂ ਪਰਤੇ 8 ਹਜ਼ਾਰ ਸ਼ਰਧਾਲੂਆਂ ਦਾ ਪਤਾ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। 

ਬੁੱਧਵਾਰ ਨੂੰ ਕਰਾਚੀ ਵਿਚ ਇਕ ਨੌਜਵਾਨ ਨੂੰ ਕੋਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ, ਜੋ ਪਾਕਿਸਤਾਨ ਵਿਚ ਪਹਿਲਾ ਪੁਸ਼ਟੀ ਵਾਲਾ ਮਾਮਲਾ ਹੈ। ਅਸਲ ਵਿਚ ਪਾਕਿਸਤਾਨ ਦੇ ਪਹਿਲੇ ਦੋਵੇਂ ਕੋਰੋਨਾਵਾਇਰਸ ਦੇ ਪੀੜਤ ਈਰਾਨ ਤੋਂ ਪਰਤੇ ਸਨ। ਪਾਕਿਸਤਾਨ ਈਰਾਨ ਨਾਲ ਰੇਲ ਤੇ ਸੜਕ ਸੰਪਰਕ ਖਤਮ ਕਰ ਚੁੱਕਾ ਹੈ। ਚੀਨ ਤੋਂ ਬਾਹਰ ਈਰਾਨ ਵਿਚ ਕੋਰੋਨਾਵਾਇਰਸ ਕਾਰਨ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ। ਇਥੇ ਮਰਨ ਵਾਲਿਆਂ ਦੀ ਗਿਣਤੀ 43 ਹੈ ਜਦਕਿ ਇਸ ਨਾਲ ਪੀੜਤ ਲੋਕਾਂ ਦੀ ਗਿਣਤੀ 600 ਦੇ ਕਰੀਬ ਹੈ।


Baljit Singh

Content Editor

Related News