ਸ਼ੇਖ ਰਸ਼ੀਦ ਦੀ ਗਿੱਦੜ ਭਬਕੀ, ਕਿਹਾ- ਹੁਣ ਭਾਰਤ ਨਾਲ ਰਵਾਇਤੀ ਜੰਗ ਨਹੀਂ, ਸਿੱਧਾ ਪਰਮਾਣੂ ਹਮਲਾ

08/20/2020 6:36:49 PM

ਇਸਲਾਮਾਬਾਦ(ਬਿਊਰੋ): ਆਪਣੇ ਵਿਵਾਦਮਈ ਬਿਆਨਾਂ ਦੇ ਲਈ ਮਸ਼ਹੂਰ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਕ ਵਾਰ ਫਿਰ ਭਾਰਤ ਨੂੰ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਹੈ। ਭਾਰਤ ਦੇ ਨਾਲ ਤਣਾਅ ਨੂੰ ਲੈ ਕੇ ਰਸ਼ੀਦ ਨੇ ਸਿੱਧੇ-ਸਿੱਧੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਆਪਣਾ ਹਥਿਆਰ ਤਿਆਰ ਰੱਖਿਆ ਹੋਇਆ ਹੈ ਅਤੇ ਜੇਕਰ ਭਾਰਤ ਹਮਲਾ ਕਰਦਾ ਹੈ ਤਾਂ ਇਸ ਵਾਰੀ ਰਵਾਇਤੀ ਯੁੱਧ ਨਹੀਂ ਹੋਵੇਗਾ, ਸਿੱਧਾ ਪਰਮਾਣੂ ਹਮਲਾ ਹੋਵੇਗਾ, ਜਿਸ ਵਿਚ ਅਸਮ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਅਜਿਹਾ ਪਹਿਲਾ ਵਾਰ ਨਹੀਂ ਹੈ ਜਦੋਂ ਰਸ਼ੀਦ ਨੇ ਅਜਿਹਾ ਬਿਆਨ ਦਿੱਤਾ ਹੈ।

ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਗਲੋਬਲ ਰਾਜਨੀਤੀ ਦੇ ਸਮੀਕਰਨਾਂ 'ਤੇ ਗੱਲ ਕਰਦਿਆਂ ਰਸ਼ੀਦ ਨੇ ਕਿਹਾ ਕਿ ਚੀਨ ਅੱਜ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਬ੍ਰਿਟੇਨ ਦੇ ਖਿਲਾਫ਼ ਖੜ੍ਹਾ ਹੈ ਜਦਕਿ ਉਹ ਆਪਣੇ ਨਵੇਂ ਦੋਸਤਾਂ ਨੇਪਾਲ, ਸ਼੍ਰੀਲੰਕਾ, ਈਰਾਨ ਅਤੇ ਰੂਸ ਦੇ ਨਾਲ ਨਵਾਂ ਬਲਾਕ ਬਣਾ ਰਿਹਾ ਹੈ। ਰਸ਼ੀਦ ਨੇ ਕਿਹਾ ਕਿ ਅਜਿਹੇ ਵਿਚ ਪਾਕਿਸਤਾਨ ਨੂੰ ਚੀਨ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ।

ਇਸ ਤੋਂ ਬਾਅਦ ਰਸ਼ੀਦ ਨੇ ਕਿਹਾ,''ਜੇਕਰ ਪਾਕਿਸਤਾਨ 'ਤੇ ਭਾਰਤ ਨੇ ਹਮਲਾ ਕੀਤਾ ਤਾਂ ਕਨਵੈਨਸ਼ਨ ਯੁੱਧ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਇਹ ਖੂਨੀ ਅਤੇ ਆਖਰੀ ਜੰਗ ਹੋਵੇਗੀ ਅਤੇ ਐਟਮੀ ਜੰਗ ਹੋਵੇਗੀ। ਸਾਡਾ ਹਥਿਆਰ ਕੈਲਕੁਲੇਟਿਡ, ਛੋਟਾ, ਸੰਪੂਰਨ ਅਤੇ ਨਿਸ਼ਾਨੇ 'ਤੇ ਹੈ। ਅਸਮ ਤੱਕ ਨੂੰ ਨਿਸ਼ਾਨਾ ਬਣਾ ਸਕਦਾ ਹੈ। ਪਾਕਿਸਤਾਨ ਦੇ ਕੋਲ ਕਨਵੈਨਸ਼ਨ ਯੁੱਧ ਦੀ ਗੁੰਜਾਇਸ਼ ਘੱਟ ਹੈ।''

ਇਸਤੋਂ  ਪਹਿਲਾਂ ਪਿਛਲੇ ਸਾਲ ਵੀ ਰਸ਼ੀਦ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਸਵਾ ਸੌ ਗ੍ਰਾਮ ਅਤੇ ਢਾਈ ਸੌ ਗ੍ਰਾਮ ਦੇ ਪਰਮਾਣੂ ਬੰਬ ਸੁੱਟਣ ਦੀ ਧਮਕੀ ਦਿੱਤੀ ਸੀ। ਇਸ ਬਿਆਨ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਜੰਮ ਕੇ ਟਰੋਲ ਕੀਤਾ ਗਿਆ ਸੀ।


Vandana

Content Editor

Related News