ਪਾਕਿ ਫੌਜ ਦੇ ਦਬਾਅ ਦਾ ਅਸਰ : ਕਸ਼ਮੀਰ ਸਬੰਧੀ ਸਾਊਦੀ ਨੂੰ ਦਿੱਤੀ ਧਮਕੀ ਤੋਂ ਪਲਟੇ ਕੁਰੈਸ਼ੀ
Wednesday, Aug 26, 2020 - 08:38 AM (IST)
ਇਸਲਾਮਾਬਾਦ, (ਭਾਸ਼ਾ)- ਕਸ਼ਮੀਰ ਸਬੰਧੀ ਸਾਊਦੀ ਅਰਬ ਅਤੇ ਇਸਲਾਮੀ ਸਹਿਯੋਗ ਸੰਗਠਨ (ਓ. ਆਈ. ਸੀ.) ਨੂੰ ਧਮਕੀ ਦੇਣ ਵਾਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਹੁਣ ਆਪਣੇ ਬਿਆਨ ਤੋਂ ਪਲਟ ਗਏ ਹਨ। ਕੁਰੈਸ਼ੀ ਨੇ ਕਿਹਾ ਕਿ ਸਾਊਦੀ ਅਰਬ ਅਤੇ ਪਾਕਿਸਤਾਨ ਵਿਚਾਲੇ ਦਿਲਾਂ ਦਾ ਰਿਸ਼ਤਾ ਹੈ। ਉਨ੍ਹਾਂ ਨੇ ਸਾਊਦੀ ਅਰਬ ਵਲੋਂ ਆਪਣੇ 3 ਅਰਬ ਡਾਲਰ ਵਾਪਸ ਮੰਗਣ ਨੂੰ ਵੀ ਮੀਡੀਆ ਦੀਆਂ ਅਟਕਲਾਂ ਦੱਸਕੇ ਖਾਰਿਜ਼ ਕਰ ਦਿੱਤਾ।
ਕੁਰੈਸ਼ੀ ’ਚ ਇਹ ਬਦਲਾਅ ਪਾਕਿਸਤਾਨੀ ਫੌਜ ਦੇ ਦਬਾਅ ਦਾ ਅਸਰ ਦੱਸਿਆ ਜਾ ਰਿਹਾ ਹੈ। ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਸਾਊਦੀ ਅਰਬ ਤੋਂ ਖਾਲੀ ਹੱਥ ਪਰਤਣ ਤੋਂ ਬਾਅਦ ਹੀ ਉਨ੍ਹਾਂ ਦਾ ਇਹ ਨਵਾਂ ਬਿਆਨ ਸਾਹਮਣੇ ਆਇਆ ਹੈ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਸਾਊਦੀ ਅਰਬ ਦੇ ਨਾਲ ਉਨ੍ਹਾਂ ਦੇ ਸਬੰਧ ਪਹਿਲਾਂ ਵਰਗੇ ਹੀ ਮਜ਼ਬੂਤ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਸ਼ਮੀਰ ’ਤੇ ਸਾਊਦੀ ਅਰਬ ਦੇ ਰੁਖ਼ ’ਚ ਕੋਈ ਬਦਲਾਅ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਿਛਲੇ ਦਿਨੀਂ ਆਪਣੇ ਪੁਰਾਣੇ ‘ਮਿੱਤਰ’ ਸਾਊਦੀ ਅਰਬ ਨੂੰ ਵੱਡੀ ਧਮਕੀ ਦੇ ਦਿੱਤੀ ਸੀ। ਕੁਰੈਸ਼ੀ ਨੇ ਕਿਹਾ ਸੀ ਕਿ ਓ. ਆਈ. ਸੀ. ਕਸ਼ਮੀਰ ’ਤੇ ਆਪਣੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਮੀਟਿੰਗ ਬੁਲਾਉਣ ’ਚ ਨਾ-ਨੁੱਕਰ ਬੰਦ ਕਰੇ। ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਫਿਰ ਤੋਂ ਪੂਰੇ ਸਨਮਾਨ ਨਾਲ ਓ. ਆਈ. ਸੀ. ਨੂੰ ਕਹਿਣਾ ਚਾਹੁੰਦਾ ਹਾਂ ਕਿ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਮੀਟਿੰਗ ਸਾਡੀ ਉਮੀਦ ਹੈ। ਜੇਕਰ ਤੁਸੀਂ ਇਸਨੂੰ ਬੁਲਾ ਨਹੀਂ ਸਕਦੇ ਹੋ ਤਾਂ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਕਹਿਣ ਲਈ ਮਜ਼ਬੂਰ ਹੋ ਜਾਵਾਂਗਾ ਕਿ ਉਹ ਅਜਿਹੇ ਇਸਲਾਮਿਕ ਦੇਸ਼ਾਂ ਦੀ ਮੀਟਿੰਗ ਬੁਲਾਉਣ ਜੋ ਕਸ਼ਮੀਰ ਦੇ ਮੁੱਦੇ ’ਤੇ ਸਾਡੇ ਨਾਲ ਖੜ੍ਹੇ ਹੋਣ ਲਈ ਤਿਆਰ ਹਨ।
ਪਾਕਿਸਤਾਨੀ ਪੱਤਰਕਾਰਾਂ ਨੇ ਬਿਆਨ ਨੂੰ ਦੱਸਿਆ ਯੂ-ਟਰਨ
ਉੱਥੇ ਹੀ, ਪਾਕਿਸਤਾਨ ਦੇ ਪੱਤਰਕਾਰਾਂ ਰਊਫ ਕਾਲਸਰਾ ਅਤੇ ਅਮੀਰ ਮਤੇਨ ਨੇ ਸਾਊਦੀ ਅਰਬ ’ਤੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨ ਨੂੰ ਇਕ ਵੱਡਾ ਯੂ-ਟਰਨ ਦੱਸਿਆ। ਉਨ੍ਹਾਂ ਕਿਹਾ ਕਿ ਕੁਰੈਸ਼ੀ ਚੀਨ ਤੋਂ ਪਰਤਣ ਤੋਂ ਬਾਅਦ ਆਪਣੇ ਲਹਿਜ਼ੇ ਅਤੇ ਕਾਰਜਕਾਲ ਨੂੰ ਸਹੀ ਕੀਤਾ।
ਉਨ੍ਹਾਂ ਕਿਹਾ ਕਿ ਪਾਕਿ ਸਾਊਦੀ ਅਰਬ ਨਾਲ ਫਜ਼ੂਲਖਰਚੀ ਨਹੀਂ ਕਰ ਸਕਦਾ। ਜੇਕਰ ਸ਼ਾਹ ਮਹਿਮੂਦ ਕੁਰੈਸ਼ੀ ਦੀ ਅੱਜ ਦੀ ਟਿੱਪਣੀ ਸਹੀ ਹੈ, ਤਾਂ ਉਨ੍ਹਾਂ ਦਾ ਪਹਿਲਾਂ ਬਿਆਨ ਹਾਸੋ-ਹੀਣਾ ਸੀ। ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹ ਆਸਵੰਦ ਹਨ ਕਿ ਕੁਰੈਸ਼ੀ ਘਰ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਆਪਮੀ ਸਿਆਸਤ ਖਤਮ ਕਰ ਦਿੱਤੀ ਹੈ।