ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਉਣ 'ਤੇ ਪਾਕਿ 'ਚ 2 ਪੱਤਰਕਾਰਾਂ 'ਤੇ ਡਿੱਗੀ ਗਾਜ਼
Friday, Jun 12, 2020 - 06:32 PM (IST)
ਇਸਲਾਮਾਬਾਦ— ਹਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹਿੱਸਾ ਹੈ। ਪਾਕਿਸਤਾਨ 'ਚ ਵੀ ਅਜਿਹੇ ਲੋਕ ਹਨ ਜੋ ਇਸ ਸੱਚਾਈ ਤੋਂ ਜਾਣੂ ਹਨ ਪਰ ਪਾਕਿਸਤਾਨ ਇਸ ਸੱਚਾਈ ਨੂੰ ਹਜ਼ਮ ਨਹੀਂ ਕਰਦਾ। ਪਾਕਿਸਤਾਨ ਸਰਕਾਰ ਵੱਲੋਂ ਚਲਾਏ ਜਾ ਰਹੇ ਪੀ. ਟੀ. ਵੀ. ਨਿਊਜ਼ ਚੈਨਲ ਨੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਉਣ ਵਾਲਾ ਨਕਸ਼ਾ ਪ੍ਰਸਾਰਿਤ ਕਰਨ ਵਾਲੇ ਦੋ ਪੱਤਰਕਾਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਨਕਸ਼ਾ ਪ੍ਰਸਾਰਿਤ ਕਰਨ ਵਾਲੀ ਘਟਨਾ 6 ਜੂਨ ਦੀ ਹੈ। ਪਾਕਿਸਤਾਨ ਟੈਲੀਵਿਜ਼ਨ (ਪੀ. ਟੀ. ਵੀ.) ਪ੍ਰਬੰਧਨ ਨੇ 7 ਜੂਨ ਨੂੰ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਉਹ ਇਸ ਮੁੱਦੇ ਦੀ ਜਾਂਚ ਕਰ ਰਿਹਾ ਹੈ ਅਤੇ ਇਸ ਵੱਡੀ ਗਲਤੀ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪਾਕਿਸਤਾਨੀ ਸੰਸਦ 'ਚ 8 ਜੂਨ ਨੂੰ ਇਹ ਮੁੱਦਾ ਉਠਾਇਆ ਗਿਆ। ਇਸ ਤੋਂ ਬਾਅਦ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਇਸ ਮੁੱਦੇ ਨੂੰ ਸੂਚਨਾ ਅਤੇ ਪ੍ਰਸਾਰਣ 'ਤੇ ਸਥਾਈ ਕਮੇਟੀ ਨੂੰ ਕਾਰਵਈ ਲਈ ਭੇਜ ਦਿੱਤਾ। ਇਸ ਮਗਰੋਂ ਪੀ. ਟੀ. ਵੀ. ਨਿਊਜ਼ ਨੇ 10 ਜੂਨ ਨੂੰ ਚੈਨਲ ਦੇ ਦੋ ਪੱਤਰਕਾਰਾਂ ਨੂੰ ਨੌਕਰੀਓਂ ਕੱਢ ਦਿੱਤਾ।
ਪੀ. ਟੀ. ਵੀ. ਨੇ ਟਵੀਟ ਕੀਤਾ, ''ਪਾਕਿਸਤਾਨ ਦੇ ਨਕਸ਼ੇ ਦੀ ਗਲਤ ਤਸਵੀਰ ਛੇ ਜੂਨ ਨੂੰ ਪੀ. ਟੀ. ਵੀ. 'ਤੇ ਪ੍ਰਸਾਰਿਤ ਹੋਣ ਦੇ ਮਾਮਲੇ 'ਚ ਜਾਂਚ ਲਈ ਬਣਾਈ ਗਈ ਕਮੇਟੀ ਦੀ ਸਿਫਾਰਸ਼ 'ਤੇ ਸਖਤ ਕਾਰਵਾਈ ਕਰਦੇ ਹੋਏ ਪੀ. ਟੀ. ਵੀ. ਪ੍ਰਬੰਧਨ ਨੇ ਦੋ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।''
ਪੀ. ਟੀ. ਵੀ. ਚੈਨਲ ਨੇ ਪੱਤਰਕਾਰਾਂ ਦੇ ਨਾਮ ਨਹੀਂ ਦੱਸੇ ਪਰ ਕਿਹਾ ਕਿ ਲਾਪਰਵਾਹੀ ਨੂੰ ਲੈ ਕੇ ਕੋਈ ਗਲਤੀ ਬਰਦਾਸ਼ਤ ਨਹੀਂ ਕਰਨਾ ਉਸ ਦੀ ਨੀਤੀ ਹੈ। ਇਸ ਤੋਂ ਪਹਿਲਾਂ ਵਿਗਿਆਨ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਅਤੇ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਵੀ ਕਾਰਵਾਈ ਦੀ ਮੰਗ ਕੀਤੀ ਸੀ। ਪਾਕਿਸਤਾਨ ਆਪਣੇ ਅਧਿਕਾਰਤ ਨਕਸ਼ੇ 'ਚ ਕਸ਼ਮੀਰ ਨੂੰ ਆਪਣਾ ਹਿੱਸਾ ਦਿਖਾਉਂਦਾ ਹੈ। ਭਾਰਤ ਦਾ ਸਪੱਸ਼ਟ ਰੁਖ਼ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀ. ਓ. ਕੇ.) ਅਤੇ ਅਕਸਾਈ ਚਿਨ ਦੋਵੇਂ ਭਾਰਤ ਦੇ ਅਟੁੱਟ ਅੰਗ ਹਨ।