ਅੱਗੇ ਖੂਹ, ਪਿੱਛੇ ਖਾਈ..! ਪਾਕਿਸਤਾਨ ਲਈ ਵੱਡੀ ਚੁਣੌਤੀ ਬਣ ਗਿਆ ਮੱਕਾ ਰੱਖਿਆ ਸਮਝੌਤਾ

Thursday, Oct 29, 2026 - 12:35 PM (IST)

ਅੱਗੇ ਖੂਹ, ਪਿੱਛੇ ਖਾਈ..! ਪਾਕਿਸਤਾਨ ਲਈ ਵੱਡੀ ਚੁਣੌਤੀ ਬਣ ਗਿਆ ਮੱਕਾ ਰੱਖਿਆ ਸਮਝੌਤਾ

ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਵਧਦੇ ਹਮਲਿਆਂ ਨੇ ਪਾਕਿਸਤਾਨ ਲਈ ਵੱਡਾ ਫੌਜੀ ਅਤੇ ਕੂਟਨੀਤਕ ਸੰਕਟ ਖੜ੍ਹਾ ਕਰ ਦਿੱਤਾ ਹੈ। 7 ਅਗਸਤ, 2026 ਨੂੰ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਵਿਚਕਾਰ ਹੋਏ ਇਤਿਹਾਸਕ 'ਮੱਕਾ ਰੱਖਿਆ ਸਮਝੌਤੇ' ਤਹਿਤ ਤਿੰਨਾਂ 'ਚੋਂ ਇਕ ਵੀ ਦੇਸ਼ 'ਤੇ ਹੋਇਆ ਹਮਲਾ ਤਿੰਨਾਂ 'ਤੇ ਹਮਲਾ ਮੰਨਿਆ ਜਾਵੇਗਾ ਤੇ ਤਿੰਨੋਂ ਦੇਸ਼ ਮਿਲ ਕੇ ਇਸ ਦਾ ਜਵਾਬ ਦੇਣਗੇ। ਹੁਣ ਜਦੋਂ ਹੂਤੀ ਬਾਗੀਆਂ ਵੱਲੋਂ ਸਾਊਦੀ 'ਤੇ ਹਮਲੇ ਕੀਤੇ ਜਾ ਰਹੇ ਹਨ ਤਾਂ ਇਸ ਸਮਝੌਤੇ ਤਹਿਤ ਪਾਕਿਸਤਾਨ ਨੂੰ ਸਾਊਦੀ ਦੀ ਮਦਦ ਕਰਨੀ ਚਾਹੀਦੀ ਹੈ, ਪਰ ਦੂਜੇ ਪਾਸੇ ਗੁਆਂਢੀ ਦੇਸ਼ ਇਰਾਨ ਨਾਲ ਆਪਣੇ ਸਬੰਧਾਂ ਨੂੰ ਬਚਾਉਣਾ ਉਸ ਲਈ ਵੱਡੀ ਚੁਣੌਤੀ ਬਣ ਗਿਆ ਹੈ।

ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ, ਪਾਕਿਸਤਾਨ ਇਸ ਸਮੇਂ ਇਕ ਅਜਿਹੇ ਦੋਰਾਹੇ 'ਤੇ ਖੜ੍ਹਾ ਹੈ ਜਿੱਥੇ ਇੱਕ ਪਾਸੇ ਸਾਊਦੀ ਅਰਬ ਨਾਲ ਉਸ ਦੀ ਮਜ਼ਬੂਤ ਫੌਜੀ ਅਤੇ ਆਰਥਿਕ ਭਾਈਵਾਲੀ ਹੈ, ਜਦਕਿ ਦੂਜੇ ਪਾਸੇ ਇਰਾਨ ਨਾਲ ਸਰਹੱਦੀ ਸੁਰੱਖਿਆ, ਵਪਾਰ, ਊਰਜਾ ਅਤੇ ਖੇਤਰੀ ਕੂਟਨੀਤੀ ਦੇ ਮਹੱਤਵਪੂਰਨ ਹਿੱਤ ਜੁੜੇ ਹੋਏ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਸਾਊਦੀ ਅਰਬ ਦੀ ਧਰਤੀ ਦੀ ਰੱਖਿਆ ਲਈ ਵੱਡੀ ਗਿਣਤੀ 'ਚ ਫੌਜੀ ਦਸਤੇ ਅਤੇ ਹਥਿਆਰ ਤਾਇਨਾਤ ਕੀਤੇ ਹਨ। ਹਾਲਾਂਕਿ, ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੌਜ ਸਿਰਫ਼ ਸਾਊਦੀ ਖੇਤਰ ਦੀ ਰੱਖਿਆ ਕਰੇਗੀ ਅਤੇ ਯਮਨ ਦੇ ਅੰਦਰ ਹੂਤੀਆਂ 'ਤੇ ਕੋਈ ਹਮਲਾ ਨਹੀਂ ਕਰੇਗੀ।

ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਪਾਕਿਸਤਾਨੀ ਫੌਜ ਦੀ ਤਾਇਨਾਤੀ 'ਤੇ ਚਿੰਤਾ ਪ੍ਰਗਟਾਉਂਦਿਆਂ ਉਮੀਦ ਜਤਾਈ ਸੀ ਕਿ ਇਹ ਸਿਰਫ਼ ਅਫ਼ਵਾਹ ਹੋਵੇਗੀ। ਇਸ 'ਤੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਤਹਿਰਾਨ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਸਮਝੌਤਾ ਸਿਰਫ਼ ਰੱਖਿਆਤਮਕ ਹੈ ਅਤੇ ਕਿਸੇ ਵੀ ਦੇਸ਼ ਖ਼ਿਲਾਫ਼ ਹਮਲੇ ਲਈ ਨਹੀਂ ਹੈ।

ਮਾਹਿਰਾਂ ਅਨੁਸਾਰ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਵਾਧੂ 3 ਅਰਬ ਡਾਲਰ ਦੀ ਸਹਾਇਤਾ ਅਤੇ 5 ਅਰਬ ਡਾਲਰ ਦੇ ਮੌਜੂਦਾ ਡਿਪਾਜ਼ਿਟ ਦੀ ਮਿਆਦ ਵਧਾ ਕੇ ਵੱਡੀ ਆਰਥਿਕ ਰਾਹਤ ਦਿੱਤੀ ਹੈ। ਅਜਿਹੇ 'ਚ ਪਾਕਿਸਤਾਨ ਸਾਊਦੀ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟ ਸਕਦਾ, ਪਰ ਇਰਾਨ-ਸਮਰਥਿਤ ਹੂਤੀਆਂ ਖ਼ਿਲਾਫ਼ ਫੌਜੀ ਕਾਰਵਾਈ ਕਰਨ ਨਾਲ ਉਹ ਅਮਰੀਕਾ-ਇਰਾਨ ਵਿਚਾਲੇ ਵਿਚੋਲੇ ਵਜੋਂ ਆਪਣੀ ਭੂਮਿਕਾ ਗੁਆ ਸਕਦਾ ਹੈ।


author

Harpreet SIngh

Content Editor

Related News