IMF ਤੋਂ ਪਾਕਿ ਨੂੰ ਵੱਡੀ ਰਾਹਤ, 45 ਕਰੋੜ ਡਾਲਰ ਦੀ ਦੂਜੀ ਕਿਸ਼ਤ ਹੋਈ ਮਨਜ਼ੂਰ
Friday, Dec 27, 2019 - 03:18 PM (IST)

ਇਸਲਾਮਾਬਾਦ- ਆਰਥਿਕ ਤੰਗੀ ਦੇ ਬੇਹੱਦ ਬੁਰੇ ਦੌਰ ਤੋਂ ਲੰਘ ਰਹੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰੀ ਫੰਡ (ਆਈ.ਐਮ.ਐਫ.) ਤੋਂ ਵੱਡੀ ਰਾਹਤ ਮਿਲੀ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਆਰਥਿਕ ਮਦਦ ਦੀ ਦੂਜੀ ਕਿਸ਼ਤ ਹਾਸਲ ਕੀਤੀ ਹੈ।
ਆਈ.ਐਮ.ਐਫ. ਨੇ ਪਾਕਿਸਤਾਨ ਨੂੰ ਆਰਥਿਕ ਮਦਦ ਦੀ ਦੂਜੀ ਕਿਸ਼ਤ ਦੇ ਤੌਰ 'ਤੇ 45.24 ਕਰੋੜ ਡਾਲਰ ਦੀ ਰਕਮ ਮੁਹੱਈਆ ਕਰਵਾਈ ਹੈ। ਏ.ਆਰ.ਵਾਈ. ਨਿਊਜ਼ ਨੇ ਪਾਕਿਸਤਾਨ ਦੇ ਸਟੇਟ ਬੈਂਕ ਦੇ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੇ ਬੁਲਾਰੇ ਨੇ ਦੱਸਿਆ ਕਿ ਆਈ.ਐਮ.ਐਫ. ਵਲੋਂ ਇਹ ਰਕਮ ਅਗਲੇ ਹਫਤੇ ਬੈਂਕ ਡਾਟਾ ਵਿਚ ਪਾ ਦਿੱਤੀ ਜਾਵੇਗੀ। ਇਸ ਮਦਦ ਨਾਲ ਪਾਕਿਸਤਾਨ ਦੇ ਸੈਂਟਰਲ ਬੈਂਕ ਦਾ ਭੰਡਾਰ 10.9 ਬਿਲੀਅਨ ਡਾਲਰ ਹੋ ਗਿਆ ਹੈ। ਆਈ.ਐਮ.ਐਫ. ਨੇ ਇਸ ਸਾਲ ਜੁਲਾਈ ਮਹੀਨੇ ਆਰਥਿਕ ਮਦਦ ਦੀ ਪਹਿਲੀ ਕਿਸ਼ਤ ਮੁਹੱਈਆ ਕਰਵਾਈ ਸੀ। ਆਈ.ਐਮ.ਐਫ. ਨੇ ਅਪ੍ਰੈਲ ਵਿਚ ਪਾਕਿਸਤਾਨ ਦੇ ਲਈ ਤਿੰਨ ਸਾਲ ਦੇ ਬੇਲਆਊਟ ਪੈਕੇਜ 'ਤੇ ਸਹਿਮਤੀ ਜਤਾਈ ਸੀ। 1980 ਦੇ ਦਹਾਕੇ ਤੋਂ ਬਾਅਦ ਪਾਕਿਸਤਾਨ ਦੇ ਲਈ ਇਹ 13ਵਾਂ ਬੇਲਆਊਟ ਪੈਕੇਜ ਹੈ।