ਪਾਕਿ ਫੌਜ ਮੁਖੀ ਨੇ ਫਿਰ ਦਿੱਤੀ ਯੁੱਧ ਦੀ ਧਮਕੀ, ਕਿਹਾ-'ਆਖਰੀ ਗੋਲੀ ਤੱਕ ਲੜਾਂਗੇ'

09/06/2019 12:17:11 PM

ਇਸਲਾਮਾਬਾਦ (ਬਿਊਰੋ)— ਭਾਰਤ ਨਾਲ ਤਣਾਅ ਵਧਾਉਣ ਦਾ ਕੋਈ ਵੀ ਮੌਕਾ ਪਾਕਿਸਤਾਨ ਛੱਡ ਨਹੀਂ ਰਿਹਾ। ਅੰਤਰਰਾਸ਼ਟਰੀ ਪੱਧਰ 'ਤੇ ਕਸ਼ਮੀਰ ਮੁੱਦੇ 'ਤੇ ਅਸਫਲ ਹੋਇਆ ਬੌਖਲਾਇਆ ਪਾਕਿਸਤਾਨ ਯੁੱਧ ਦੀ ਧਮਕੀ ਦਿੰਦਾ ਰਿਹਾ ਹੈ। ਉਸ ਦੇ ਕਈ ਨੇਤਾ ਪਰਮਾਣੂ ਬੰਬ ਦੀ ਵਰਤੋਂ ਕਰਨ ਦੀ ਗੱਲ ਕਹਿ ਚੁੱਕੇ ਹਨ। ਹੁਣ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸ਼ੁੱਕਰਵਾਰ ਨੂੰ ਮੁੜ ਭਾਰਤ ਨੂੰ ਯੁੱਧ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਪਾਕਿਸਤਾਨ ਆਖਰੀ ਗੋਲੀ ਤੱਕ ਯੁੱਧ ਲੜੇਗਾ।

ਬਾਜਵਾ ਰਾਵਲਪਿੰਡੀ ਦੇ ਜਨਰਲ ਹੈੱਡਕੁਆਰਟਰ ਵਿਚ ਰੱਖਿਆ ਅਤੇ ਸ਼ਹੀਦ ਦਿਵਸ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਬਾਜਵਾ ਨੇ ਦਾਅਵਾ ਕੀਤਾ,''ਭਾਰਤ ਕਸ਼ਮੀਰ ਵਿਚ ਅੱਤਿਆਚਾਰ ਕਰ ਰਿਹਾ ਹੈ ਅਤੇ ਘਾਟੀ ਵਿਚ ਹਿੰਦੂਤਵ ਨੂੰ ਥੋਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਕਸ਼ਮੀਰ ਹਿੰਦੂਤਵ ਦਾ ਸ਼ਿਕਾਰ ਹੈ ਅਤੇ ਉੱਥੇ ਅੱਤਿਆਚਾਰ ਹੋ ਰਹੇ ਹਨ। ਕਸ਼ਮੀਰ ਪਾਕਿਸਤਾਨ ਦਾ ਏਜੰਡਾ ਹੈ। ਭਾਰਤ ਸਰਕਾਰ ਦਾ ਵਰਤਮਾਨ ਕਦਮ ਸਾਡੇ ਲਈ ਇਕ ਚੁਣੌਤੀ ਹੈ। ਪਾਕਿਸਤਾਨ ਕਦੇ ਵੀ ਕਸ਼ਮੀਰੀਆਂ ਨੂੰ ਇਕੱਲੇ ਨਹੀਂ ਛੱਡੇਗਾ। ਅਸੀਂ ਆਖਰੀ ਫੌਜੀ, ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਆਪਣੇ ਫਰਜ਼ ਲਈ ਵਚਨਬੱਧ ਹਾਂ।'' 

ਉਨ੍ਹਾਂ ਨੇ ਅੱਗੇ ਕਿਹਾ,''ਪਾਕਿਸਤਾਨੀ ਫੌਜ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਯੁੱਧ ਦੇ ਬੱਦਲ ਅਤੇ ਬੇਚੈਨੀ ਦਿਖਾਈ ਦੇ ਰਹੀ ਹੈ ਪਰ ਅਸੀਂ ਸ਼ਾਂਤੀ ਦੀ ਆਸ ਕਰਦੇ ਹਾਂ। ਅੱਜ ਕਸ਼ਮੀਰ ਬਲ ਰਿਹਾ ਹੈ ਅਤੇ ਖਤਰੇ ਵਿਚ ਹੈ। ਮੈਂ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਉਨ੍ਹਾਂ ਨੂੰ ਕਦੇ ਇਕੱਲੇ ਨਹੀਂ ਛਡਾਂਗੇ। ਅਸੀਂ ਕਸ਼ਮੀਰ ਲਈ ਕਿਸੇ ਵੀ ਤਰ੍ਹਾਂ ਦਾ ਬਲਿਦਾਨ ਕਰਨ ਲਈ ਤਿਆਰ ਹਾਂ।'' 

ਗੌਰਤਲਬ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਕਈ ਸਿਆਸਤਦਾਨਾਂ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ। ਇਹ ਦਾਅਵਾ ਵੀ ਕੀਤਾ ਹੈ ਕਿ ਯੁੱਧ ਹੋਣਾ ਤੈਅ ਹੈ। ਭਾਵੇਂਕਿ ਬਾਅਦ ਵਿਚ ਉਹ ਪਰਮਾਣੂ ਖਤਰੇ ਤੋਂ ਪਿੱਛੇ ਹੱਟ ਗਏ ਪਰ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿਚ ਤਣਾਅ ਪੈਦਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ।


Vandana

Content Editor

Related News