ਪਾਕਿ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ SCO ਕਾਨਫਰੰਸ ''ਚ ਚੁੱਕਿਆ ਅੱਤਵਾਦ ਦਾ ਮੁੱਦਾ
Thursday, Jul 04, 2024 - 04:26 PM (IST)
ਅਸਤਾਨਾ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ 'ਚ ਮੈਂਬਰ ਦੇਸ਼ਾਂ ਵਿਚਾਲੇ ਅੱਤਵਾਦ ਨੂੰ ਇਕ ਵੱਡੀ ਚਿੰਤਾ ਦਾ ਵਿਸ਼ਾ ਦੱਸਿਆ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ 'ਸਾਰਥਕ' ਗੱਲਬਾਤ ਦੀ ਅਪੀਲ ਕੀਤੀ। ਦੋ ਦਿਨਾਂ ਸਰਕਾਰੀ ਦੌਰੇ 'ਤੇ ਬੁੱਧਵਾਰ ਨੂੰ ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ਪਹੁੰਚੇ ਸ਼ਾਹਬਾਜ਼ ਨੇ ਐੱਸਸੀਓ ਸੰਮੇਲਨ 'ਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਕਾਨਫਰੰਸ ਵਿਚ ਚੀਨ, ਭਾਰਤ, ਤੁਰਕੀ, ਈਰਾਨ, ਅਜ਼ਰਬਾਈਜਾਨ ਅਤੇ ਕਿਰਗਿਸਤਾਨ ਦੇ ਨੇਤਾਵਾਂ ਅਤੇ ਡਿਪਲੋਮੈਟਾਂ ਨੇ ਆਰਥਿਕ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਕੀਤੀ।
'ਜੀਓ ਨਿਊਜ਼' ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਸ਼ਰੀਫ਼ ਨੇ ਆਪਣੇ ਸੰਬੋਧਨ 'ਚ ਆਰਥਿਕ ਵਿਕਾਸ ਲਈ ਖੇਤਰ 'ਚ ਸ਼ਾਂਤੀ ਬਣਾਈ ਰੱਖਣ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ “ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਕਾਇਮ ਕਰਨਾ ਇਸ ਸਾਂਝੇ ਉਦੇਸ਼ ਦਾ ਮੁੱਖ ਅਧਾਰ ਹੈ,”। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ "ਉਨ੍ਹਾਂ ਦੀਆਂ ਅਸਲ ਆਰਥਿਕ ਅਤੇ ਵਿਕਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਫਗਾਨ ਸਰਕਾਰ ਨਾਲ ਅਰਥਪੂਰਨ ਗੱਲਬਾਤ ਕਰਨੀ ਚਾਹੀਦੀ ਹੈ।"
ਸ਼ਰੀਫ ਨੇ ਇਹ ਵੀ ਕਿਹਾ ਕਿ ਅਫਗਾਨ ਤਾਲਿਬਾਨ ਨੂੰ ਇਹ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿ ਉਨ੍ਹਾਂ ਦੀ ਧਰਤੀ ਕਿਸੇ ਹੋਰ ਦੇਸ਼ ਵਿਰੁੱਧ ਅੱਤਵਾਦ ਲਈ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ "ਪ੍ਰਾਯੋਜਿਤ ਅੱਤਵਾਦ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਦੀ ਸਖਤ ਅਤੇ ਸਪੱਸ਼ਟ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲਾਹੇ ਲਈ ਬੇਕਸੂਰ ਲੋਕਾਂ ਨੂੰ ਮਾਰਨ ਜਾਂ ਦਹਿਸ਼ਤਗਰਦੀ ਦਾ ਡਰ ਦਿਖਾਉਣਾ ਕੋਈ ਜਾਇਜ਼ ਨਹੀਂ ਹੈ।