ਪਾਕਿਸਤਾਨ ਦੇ PM ਸ਼ਾਹਬਾਜ਼ ਸ਼ਰੀਫ ਨੇ ਬਿਜਲੀ ਗੁੱਲ ਹੋਣ ’ਤੇ ਰਾਸ਼ਟਰ ਤੋਂ ਮੰਗੀ ਮੁਆਫ਼ੀ

Wednesday, Jan 25, 2023 - 05:17 PM (IST)

ਪਾਕਿਸਤਾਨ ਦੇ PM ਸ਼ਾਹਬਾਜ਼ ਸ਼ਰੀਫ ਨੇ ਬਿਜਲੀ ਗੁੱਲ ਹੋਣ ’ਤੇ ਰਾਸ਼ਟਰ ਤੋਂ ਮੰਗੀ ਮੁਆਫ਼ੀ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਾਸ਼ਟਰੀ ਗ੍ਰਿਡ ਵਿਚ ਗੜਬੜੀ ਕਾਰਨ ਦੇਸ਼ਭਰ ਵਿਚ ਬਿਜਲੀ ਗੁੱਲ ਹੋਣ ਅਤੇ ਇਸ ਕਾਰਨ ਲੱਖਾਂ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਸਬੰਧੀ ਮੰਗਲਵਾਰ ਨੂੰ ਰਾਸ਼ਟਰ ਤੋਂ ਮੁਆਫ਼ੀ ਮੰਗੀ। ਉਨ੍ਹਾਂ ਨੇ ਪਿਛਲੇ ਲਗਭਗ 4 ਮਹੀਨਿਆਂ ਵਿਚ ਸੋਮਵਾਰ ਨੂੰ ਹੋਈ ਇਸ ਤਰ੍ਹਾਂ ਦੀ ਦੂਸਰੀ ਘਟਨਾ ਦੀ ਜ਼ਿੰਮੇਵਾਰੀ ਤੈਅ ਕਰਨ ਦਾ ਸੰਕਲਪ ਲਿਆ। ਪਾਕਿਸਤਾਨ ਵਿਚ ਰਾਸ਼ਟਰੀ ਗ੍ਰਿਡ ਵਿਚ ਵੋਲਟੇਜ ਵਿਚ ਉਤਾਰ-ਚੜ੍ਹਾਅ ਹੋਣ ਕਾਰਨ ਬਿਜਲੀ ਗੁੱਲ ਹੋ ਗਈ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ ਅਤੇ ਰਾਜਧਾਨੀ ਇਸਲਾਮਾਬਾਦ ਅਤੇ ਵਿੱਤੀ ਕੇਂਦਰ ਕਰਾਚੀ ਸਮੇਤ ਦੇਸ਼ ਦੇ ਵੱਡੇ ਹਿੱਸੇ ਹਨ੍ਹੇਰੇ ਵਿੱਚ ਡੁੱਬ ਗਏ।

ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਇਕ ਟਵੀਟ ਵਿਚ ਕਿਹਾ ਕਿ ਕੱਲ ਬਿਜਲੀ ਗੁੱਲ ਹੋਣ ਕਾਰਨ ਸਾਡੇ ਨਾਗਰਿਕਾਂ ਨੂੰ ਹੋਈ ਪ੍ਰੇਸ਼ਾਨੀ ਲਈ ਆਪਣੀ ਸਰਕਾਰ ਵਲੋਂ ਮੈਂ ਡੂੰਘਾ ਅਫਸੋਸ ਪ੍ਰਗਟ ਕਰਦਾ ਹਾਂ। ਬਿਜਲੀ ਗੁੱਲ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੇਰੇ ਹੁਕਮ ’ਤੇ ਇਕ ਜਾਂਚ ਜਾਰੀ ਹੈ। ਜ਼ਿੰਮੇਵਾਰੀ ਤੈਅ ਕੀਤੀ ਜਾਏਗੀ। ਸ਼ਾਹਬਾਜ਼ ਨੇ ਇਸ ਗੜਬੜੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ 3 ਮੈਂਬਰੀ ਇਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਹੁਕਮ ਵੀ ਦਿੱਤਾ ਹੈ। ਪਾਕਿਸਤਾਨ ਵਿਚ ਬਿਜਲੀ ਸਪਲਾਈ ਲਗਭਗ ਬਹਾਲ ਕਰ ਦਿੱਤੀ ਗਈ ਹੈ, ਹਾਲਾਂਕਿ ਮੰਗਲਵਾਰ ਨੂੰ ਵੀ ਦੇਸ਼ ਦੇ ਕੁਝ ਹਿੱਸਿਆਂ ਵਿਚ ਬਿਜਲੀ ਨਹੀਂ ਰਹੀ ਸੀ। ਊਰਜਾ ਮੰਤਰੀ ਖੁਰੱਮ ਦਸਤਗੀਰ ਨੇ ਟਵੀਟ ਵਿਚ ਕਿਹਾ ਕਿ ਰਾਸ਼ਟਰੀ ਗ੍ਰਿਡ ਦੇ ਸਾਰੇ 1,112 ਸਟੇਸ਼ਨਾਂ ਵਿਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ।


author

cherry

Content Editor

Related News