ਪਾਕਿਸਤਾਨ ''ਚ ਨਹੀਂ ਰੁਕ ਰਿਹਾ ਹਿੰਦੂ ਕੁੜੀਆਂ ਦੇ ਅਗਵਾ ਹੋਣ ਦਾ ਸਿਲਸਿਲਾ ! ਇਕ ਹੋਰ ਕੁੜੀ ਹੋਈ ਲਾਪਤਾ
Monday, Sep 14, 2026 - 09:44 AM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)- 2 ਨਾਬਾਲਗ ਹਿੰਦੂ ਭੈਣਾਂ ਦੇ ਕਥਿਤ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਖਬਰਾਂ ਦੌਰਾਨ ਪਾਕਿਸਤਾਨ ਦੇ ਸਿੰਧ ਸੂਬੇ ਦੇ ਉਸੇ ਇਲਾਕੇ ’ਚੋਂ ਇਕ ਹੋਰ 14 ਸਾਲਾ ਹਿੰਦੂ ਕੁੜੀ ਲਾਪਤਾ ਹੋ ਗਈ ਹੈ।
ਕੁੜੀ ਸ਼ੁੱਕਰਵਾਰ ਤੋਂ ਲਾਪਤਾ ਹੈ ਅਤੇ ਉਸ ਦੇ ਮਾਪਿਆਂ ਨੇ ਸ਼ਨੀਵਾਰ ਨੂੰ ਵੀਡੀਓ ਰਾਹੀਂ ਅਪੀਲ ਕੀਤੀ, ਜਿਸ ਵਿਚ ਅਧਿਕਾਰੀਆਂ ਨੂੰ ਦਖਲ ਦੇਣ ਅਤੇ ਕੁੜੀ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਲਾਪਤਾ ਕੁੜੀ ਦੀ ਖਬਰ 29 ਅਗਸਤ ਨੂੰ 14 ਤੇ 16 ਸਾਲ ਦੀਆਂ ਦੋ ਭੈਣਾਂ ਦੇ ਕਥਿਤ ਅਗਵਾ ਤੇ ਜ਼ਬਰਦਸਤੀ ਧਰਮ ਪਰਿਵਰਤਨ ’ਤੇ ਵਿਆਪਕ ਚਿੰਤਾ ਦੌਰਾਨ ਆਈ ਹੈ।
ਮਨੁੱਖੀ ਅਧਿਕਾਰਾਂ ਦੇ ਵਕੀਲ ਜ਼ਿਆ ਅਵਾਨ ਨੇ ਐਤਵਾਰ ਨੂੰ ਕਿਹਾ ਕਿ ਗਰੀਬ ਤੇ ਪੱਛੜੇ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਵਿੱਤੀ ਤੌਰ ’ਤੇ ਕਮਜ਼ੋਰ ਹਨ। ਉਨ੍ਹਾਂ ਕਿਹਾ ਕਿ ਇਕ ਹੋਰ ਸਮੱਸਿਆ ਇਹ ਹੈ ਕਿ ਕਿਉਂਕਿ ਇਹ ਕੁੜੀਆਂ ਹਿੰਦੂ ਭਾਈਚਾਰੇ ’ਚ ਨੀਵੀਆਂ ਜਾਤਾਂ ਨਾਲ ਸਬੰਧਤ ਹਨ, ਇਸ ਲਈ ਸਰਕਾਰ ਉਨ੍ਹਾਂ ਨੂੰ ਬਹੁਤ ਘੱਟ ਸੁਰੱਖਿਆ ਪ੍ਰਦਾਨ ਕਰਦੀ ਹੈ।
