ਪਾਕਿਸਤਾਨ ਦੇ ਹੱਥੋਂ ਨਿਕਲਦੀ ਜਾ ਰਹੀ ਬਲੋਚਿਸਤਾਨ ਦੀ ਜ਼ਮੀਨ ! ਮੁਨੀਰ ਦੀ ਰਣਨੀਤੀ ਹੋਈ ਫੇਲ੍ਹ

Thursday, Oct 08, 2026 - 01:33 PM (IST)

ਪਾਕਿਸਤਾਨ ਦੇ ਹੱਥੋਂ ਨਿਕਲਦੀ ਜਾ ਰਹੀ ਬਲੋਚਿਸਤਾਨ ਦੀ ਜ਼ਮੀਨ ! ਮੁਨੀਰ ਦੀ ਰਣਨੀਤੀ ਹੋਈ ਫੇਲ੍ਹ

ਇੰਟਰਨੈਸ਼ਨਲ ਡੈਸਕ- ਪਾਕਿਸਤਾਨੀ ਫੌਜ ਦੇ ਵਧਦੇ ਹਵਾਈ ਅਤੇ ਜ਼ਮੀਨੀ ਹਮਲਿਆਂ ਦੇ ਬਾਵਜੂਦ ਬਲੋਚਿਸਤਾਨ 'ਚ ਸਥਿਤੀ ਲਗਾਤਾਰ ਪਾਕਿਸਤਾਨੀ ਪ੍ਰਸ਼ਾਸਨ ਦੇ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਆਰਮੀ ਚੀਫ਼ ਆਸਿਮ ਮੁਨੀਰ ਦੀ ਰੱਖਿਆ ਰਣਨੀਤੀ ਬਲੋਚਿਸਤਾਨ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ, ਜਿਸ ਕਾਰਨ ਬਲੋਚ ਬਾਗੀ ਵੱਖ-ਵੱਖ ਖੇਤਰਾਂ 'ਚ ਆਪਣਾ ਪ੍ਰਭਾਵ ਵਧਾ ਰਹੇ ਹਨ।

ਬਲੋਚਿਸਤਾਨ 'ਚ ਵਧ ਰਹੀ ਹਿੰਸਾ ਦੇ ਨਾਲ-ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ 'ਚ ਵੀ ਬੰਦ ਦੀ ਸਥਿਤੀ ਬਣੀ ਹੋਈ ਹੈ। ਸੰਚਾਰ ਸੇਵਾਵਾਂ ਠੱਪ ਹੋਣ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ 'ਤੇ ਫੌਜੀ ਕਾਰਵਾਈ ਕਾਰਨ ਇਹ ਅੰਦੋਲਨ ਹਥਿਆਰਬੰਦ ਬਗਾਵਤ 'ਚ ਬਦਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਸਾਊਦੀ ਅਰਬ ਅਤੇ ਤੁਰਕੀ ਨਾਲ ਕੀਤੇ ਗਏ ਸਮਝੌਤਿਆਂ ਕਾਰਨ ਪਾਕਿਸਤਾਨ 'ਤੇ ਸਾਊਦੀ ਅਰਬ ਦੀ ਰੱਖਿਆ ਲਈ ਯਮਨ ਦੇ ਹੂਤੀ ਬਾਗੀਆਂ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਦਬਾਅ ਹੈ। ਹੂਤੀਆਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨੀ ਫੌਜ ਨੇ ਉਨ੍ਹਾਂ 'ਤੇ ਹਮਲਾ ਕੀਤਾ ਤਾਂ ਕਰਾਚੀ 'ਤੇ ਤਬਾਹਕੁੰਨ ਹਮਲੇ ਕੀਤੇ ਜਾਣਗੇ।

ਭਾਰਤ ਅਤੇ ਅਫ਼ਗਾਨਿਸਤਾਨ ਸਰਹੱਦਾਂ 'ਤੇ ਤਣਾਅ ਕਾਰਨ ਪਾਕਿਸਤਾਨੀ ਫੌਜ ਆਪਣੇ ਜਵਾਨਾਂ ਨੂੰ ਇਨ੍ਹਾਂ ਮੋਰਚਿਆਂ ਤੋਂ ਹਟਾ ਨਹੀਂ ਸਕਦੀ। ਦੇਸ਼ 'ਚ ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਤੇਲ ਦੀ ਰਾਸ਼ਨਿੰਗ ਵਿਚਾਲੇ ਵਿਦੇਸ਼ੀ ਧਰਤੀ 'ਤੇ ਜਵਾਨਾਂ ਦੀਆਂ ਸ਼ਹਾਦਤਾਂ ਪਾਕਿਸਤਾਨ ਵਿੱਚ ਵੱਡੀ ਜਨਤਕ ਬਗਾਵਤ ਨੂੰ ਜਨਮ ਦੇ ਸਕਦੀਆਂ ਹਨ।

ਪਾਕਿਸਤਾਨ ਦੇ ਗ੍ਰਹਿ ਅਤੇ ਰੱਖਿਆ ਮੰਤਰਾਲੇ ਪਹਿਲਾਂ ਹੀ ਕਬੂਲ ਚੁੱਕੇ ਹਨ ਕਿ ਬਲੋਚਿਸਤਾਨ ਦਾ ਖੇਤਰ ਬਹੁਤ ਵੱਡਾ ਹੋਣ ਕਰਕੇ ਗਸ਼ਤ ਕਰਨਾ ਔਖਾ ਹੈ। ਇਸ ਤੋਂ ਇਲਾਵਾ 'ਬਲੋਚ ਲਿਬਰੇਸ਼ਨ ਆਰਮੀ' (BLA) ਸਣੇ ਹੋਰ ਬਾਗੀ ਗਰੁੱਪ ਆਧੁਨਿਕ ਹਥਿਆਰਾਂ ਅਤੇ ਨਾਈਟ-ਵਿਜ਼ਨ ਤੇ ਥਰਮਲ ਉਪਕਰਨਾਂ ਨਾਲ ਲੈਸ ਹਨ, ਜਿਸ ਕਾਰਨ ਪਾਕਿਸਤਾਨੀ ਫੌਜ ਨੂੰ ਆਪਣੇ ਹੀ ਖੇਤਰਾਂ ਵਿੱਚ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ।


author

Harpreet SIngh

Content Editor

Related News