ਪਾਕਿਸਤਾਨ ਦਾ ਅੰਤਹੀਣ ਅਫਗਾਨ ਸਵਾਲ : ਸ਼ਰਨਾਰਥੀ, ਦੁਸ਼ਮਣੀਆਂ ਤੇ ਰਣਨੀਤਕ ਅਵਿਸ਼ਵਾਸ

Tuesday, Sep 29, 2026 - 01:04 PM (IST)

ਪਾਕਿਸਤਾਨ ਦਾ ਅੰਤਹੀਣ ਅਫਗਾਨ ਸਵਾਲ : ਸ਼ਰਨਾਰਥੀ, ਦੁਸ਼ਮਣੀਆਂ ਤੇ ਰਣਨੀਤਕ ਅਵਿਸ਼ਵਾਸ

ਇੰਟਰਨੈਸ਼ਨਲ ਡੈਸਕ- ਸਾਲ 2021 ਵਿੱਚ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਸਬੰਧ ਕਾਫ਼ੀ ਖ਼ਰਾਬ ਹੋ ਗਏ ਹਨ ਅਤੇ ਦੋਵੇਂ ਦੇਸ਼ ਵਧਦੀ ਹਿੰਸਾ ਤੇ ਰਣਨੀਤਕ ਅਵਿਸ਼ਵਾਸ ਦੇ ਚੱਕਰ ਵਿੱਚ ਫਸ ਗਏ ਹਨ। ਅਫ਼ਗਾਨ ਤਾਲਿਬਾਨ ਦਾ ਦੋਸ਼ ਹੈ ਕਿ ਪਾਕਿਸਤਾਨ ਨੇ ਆਪਣੇ ਰਣਨੀਤਕ ਹਿੱਤਾਂ ਲਈ ਉਨ੍ਹਾਂ ਦੀ ਵਰਤੋਂ ਕੀਤੀ ਸੀ, ਜਦਕਿ ਪਾਕਿਸਤਾਨੀ ਸਥਾਪਨਾ ਅਫ਼ਗਾਨ ਤਾਲਿਬਾਨ ਦੀ ਰਾਸ਼ਟਰਵਾਦੀ ਸੋਚ ਅਤੇ ਡਿਊਰੈਂਡ ਲਾਈਨ ਵਿਵਾਦ ਤੋਂ ਚਿੰਤਤ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਦੋਸ਼ ਲਗਾਉਂਦਾ ਹੈ ਕਿ ਅਫ਼ਗਾਨ ਤਾਲਿਬਾਨ ਤਹਿਰੀਕ-ਏ-ਤਾਹਿਬਾਨ ਪਾਕਿਸਤਾਨ (TTP) ਨੂੰ ਸਹਾਇਤਾ ਦੇ ਰਿਹਾ ਹੈ, ਹਾਲਾਂਕਿ ਪਾਕਿਸਤਾਨ ਨੇ ਇਸ ਦਾ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਹੈ।

ਟੀ.ਟੀ.ਪੀ. ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਦੇ ਅੰਦਰ ਤੱਕ ਕੀਤੀਆਂ ਜਾ ਰਹੀਆਂ ਫ਼ੌਜੀ ਕਾਰਵਾਈਆਂ ਨੇ ਤਾਲਿਬਾਨ ਸ਼ਾਸਨ ਦੀ ਸੰਪ੍ਰਭੁਤਾ ਨੂੰ ਚੁਣੌਤੀ ਦਿੱਤੀ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਸਰਕਾਰ ਵੱਲੋਂ ਲੱਖਾਂ ਅਫ਼ਗਾਨ ਸ਼ਰਨਾਰਥੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ਉਹ ਆਪਣੀ ਸਿਆਸੀ ਅਤੇ ਆਰਥਿਕ ਰਣਨੀਤੀ ਵਜੋਂ ਵਰਤ ਰਹੀ ਹੈ। ਹਾਲਾਂਕਿ, ਪਾਕਿਸਤਾਨ ਦਾ ਇਹ ਵਿਰੋਧੀ ਰਵੱਈਆ ਉਸ ਲਈ ਹੀ ਉਲਟਾ ਸਾਬਤ ਹੋ ਰਿਹਾ ਹੈ; ਹਵਾਈ ਹਮਲਿਆਂ ਵਿੱਚ ਆਮ ਨਾਗਰਿਕਾਂ ਦੇ ਨੁਕਸਾਨ ਅਤੇ ਸ਼ਰਨਾਰਥੀਆਂ ਦੀ ਵਾਪਸੀ ਕਾਰਨ ਅਫ਼ਗਾਨਿਸਤਾਨ ਦੇ ਲੋਕ ਤਾਲਿਬਾਨ ਦੇ ਸਮਰਥਨ ਵਿੱਚ ਇੱਕਜੁੱਟ ਹੋ ਰਹੇ ਹਨ ਅਤੇ ਟੀ.ਟੀ.ਪੀ. ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ।

ਦੂਜੇ ਪਾਸੇ, ਰੂਸ ਅਤੇ ਚੀਨ ਵਰਗੀਆਂ ਖੇਤਰੀ ਸ਼ਕਤੀਆਂ ਨੇ ਆਈ.ਐੱਸ.ਕੇ.ਪੀ. (ISKP) ਦੇ ਖ਼ਤਰੇ ਨਾਲ ਨਜਿੱਠਣ ਅਤੇ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਲਈ ਤਾਲਿਬਾਨ ਨਾਲ ਸਿੱਧੇ ਸਬੰਧ ਅਤੇ ਸੰਪਰਕ ਵਧਾ ਲਏ ਹਨ। ਅਜਿਹੇ ਹਾਲਾਤ ਵਿੱਚ ਪਾਕਿਸਤਾਨ ਇੱਕ ਗੰਭੀਰ ਦੁਵਿਧਾ ਵਿੱਚ ਫਸ ਗਿਆ ਹੈ। ਉਸ ਕੋਲ ਦੋ ਹੀ ਰਸਤੇ ਹਨ: ਜਾਂ ਤਾਂ ਉਹ ਕਾਬੁਲ ਵਿੱਚ ਸ਼ਾਸਨ ਬਦਲਣ ਦੀ ਕੋਸ਼ਿਸ਼ ਕਰੇ ਜਿਸ ਨਾਲ ਤਾਲਿਬਾਨ ਮੁੜ ਬਗ਼ਾਵਤ ਦੀ ਰਾਹ 'ਤੇ ਆ ਕੇ ਦੋਵਾਂ ਦੇਸ਼ਾਂ ਨੂੰ ਅਸਥਿਰ ਕਰ ਸਕਦਾ ਹੈ, ਜਾਂ ਫਿਰ ਉਹ ਆਪਣੇ ਰਾਜਨੀਤਕ ਮਨੋਰਥਾਂ ਲਈ ਪ੍ਰੌਕਸੀ ਗਰੁੱਪਾਂ ਦੀ ਵਰਤੋਂ ਕਰਨਾ ਬੰਦ ਕਰੇ।


author

Tarsem Singh

Content Editor

Related News