ਵੀਡੀਓ ਨੇ ਖੋਲ੍ਹੀ ਪਾਕਿ ਦੀ ਪੋਲ, ਅੱਤਵਾਦੀਆਂ ਨੂੰ ਬਚਾਉਣ ਦੀ ਕੋਸ਼ਿਸ਼ ''ਚ ਮੰਤਰੀ
Monday, Dec 17, 2018 - 09:31 PM (IST)

ਨਵੀਂ ਦਿੱਲੀ— ਲੀਕ ਹੋਈ ਇਕ ਵੀਡੀਓ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਮ ਖਾਨ ਦੀ ਅੱਤਵਾਦ ਨਾਲ ਨਿਪਟਣ ਨੂੰ ਲੈ ਕੇ ਗੰਭੀਰਤਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਵੀਡੀਓ 'ਚ ਇਮਰਾਨ ਸਰਕਾਰ ਦੇ ਇਕ ਮੰਤਰੀ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਤੇ ਉਸ ਦੀ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ।
ਲੀਕ ਹੋਏ ਵੀਡੀਓ 'ਚ ਅੰਦਰੂਨੀ ਮੰਤਰੀ ਸ਼ਹਰਯਾਰ ਆਫਰੀਦੀ ਮਿੱਲੀ ਮੁਸਲਿਮ ਲੀਗ ਦੇ ਨੇਤਾਵਾਂ ਨਾਲ ਗੱਲ ਕਰ ਰਹੇ ਹਨ ਤੇ ਜਦੋਂ ਉਨ੍ਹਾਂ ਦਾ ਧਿਆਨ ਅਮਰੀਕੀ ਦਬਾਅ ਦੇ ਚੱਲਦੇ ਪਾਕਿਸਤਾਨੀ ਚੋਣ ਕਮਿਸ਼ਨ ਵਲੋਂ ਸਈਦ ਦੀ ਪਾਰਟੀ ਦਾ ਇਕ ਸਿਆਸੀ ਪਾਰਟੀ ਦੇ ਤੌਰ 'ਤੇ ਰਜਿਸਟ੍ਰੇਸ਼ਨ ਨਹੀਂ ਕਰਨ ਤੇ ਪਾਰਟੀ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਅਫਰੀਦੀ ਵੀਡੀਓ 'ਚ ਕਹਿ ਰਹੇ ਹਨ ਕਿ ਜਦੋਂ ਤੱਕ ਸਾਡੀ ਸਰਕਾਰ ਸੱਤਾ 'ਚ ਹੈ, ਹਾਫਿਜ਼ ਸਈਦ ਸਣੇ ਸਾਰੇ ਉਹ ਲੋਕ ਜੋ ਪਾਕਿਸਤਾਨ ਲਈ ਆਵਾਜ਼ ਚੁੱਕ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਰਾਸ਼ਟਰੀ ਸਦਨ 'ਚ ਆਓ ਤੇ ਦੇਖੋ ਕਿ ਜੋ ਲੋਕ ਸਹੀ ਰਸਤੇ 'ਤੇ ਚੱਲ ਰਹੇ ਹਨ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਜਾਂ ਨਹੀਂ।
ਹਾਫਿਜ਼ 'ਤੇ ਹੈ ਇਕ ਕਰੋੜ ਅਮਰੀਕੀ ਡਾਲਰ ਦਾ ਇਨਾਮ
ਦੱਸਣਯੋਗ ਹੈ ਕਿ 2008 'ਚ ਹੋਏ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਹਾਫਿਜ਼ ਸਈਦ ਨੂੰ ਅਮਰੀਕਾ ਤੇ ਸੰਯੁਕਤ ਰਾਸ਼ਟਰ ਸੰਘ ਨੇ ਗਲੋਬਲ ਅੱਤਵਾਦੀ ਐਲਾਨ ਕਰ ਦਿੱਤਾ ਸੀ ਤੇ ਨਵੰਬਰ 2008 'ਚ ਉਸ ਨੂੰ ਨਜ਼ਰਬੰਦ ਕਰ ਦਿੱਤਾ ਸੀ ਪਰ ਕੁਝ ਮਹੀਨਿਆਂ ਬਾਅਦ ਉਸ ਨੂੰ ਇਕ ਅਦਾਲਤ ਨੇ ਰਿਹਾਅ ਕਰ ਦਿੱਤਾ ਸੀ। ਅੱਤਵਾਦੀ ਗਤੀਵਿਧੀਆਂ 'ਚ ਉਸ ਦੀ ਭੂਮਿਕਾ ਲਈ ਸਈਦ ਦੇ ਸਿਰ 'ਤੇ ਇਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਹੈ।
ਲੀਕ ਹੋਏ ਵੀਡੀਓ 'ਚ ਐੱਮ.ਐੱਮ.ਐੱਲ. ਦੇ ਇਕ ਨੇਤਾ ਨੇ ਕਿਹਾ ਕਿ ਹਾਈਕੋਰਟ ਨੇ ਪਾਕਿਸਤਾਨ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਸੀ ਕਿ ਉਹ ਐੱਮ.ਐੱਮ.ਐੱਲ. ਦੀ ਸਿਆਸੀ ਪਾਰਟੀ ਦਾ ਦਰਜਾ ਦੇਵੇ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਅਮਰੀਕਾ ਨੇ ਇਸ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਹੋਇਆ ਹੈ। ਇਸ 'ਤੇ ਮੰਤਰੀ ਨੇ ਕਿਹਾ ਕਿ ਇਮਰਾਨ ਸਰਕਾਰ 'ਚ ਅਜਿਹਾ ਨਹੀਂ ਹੋਵੇਗਾ।