ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਰੱਖਿਆ ਨਵਾਂ ਨਾਮ

09/24/2019 1:01:23 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਅੰਤਰਰਾਸ਼ਟਰੀ ਦਬਾਅ ਅਤੇ ਜਾਂਚ ਤੋਂ ਬਚਣ ਲਈ ਆਪਣਾ ਨਾਮ ਬਦਲ ਲਿਆ ਹੈ। ਪਾਕਿਸਤਾਨ ਵਿਚ ਆਪਣੀ ਜਿਹਾਦੀ ਸਿਖਲਾਈ ਗਤੀਵਿਧੀਆਂ 'ਤੇ ਅੰਤਰਰਾਸ਼ਟਰੀ ਦਬਾਅ ਵੱਧਣ ਦੇ ਬਾਅਦ ਜਾਂਚ ਤੋਂ ਬਚਣ ਲਈ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਆਪਣਾ ਨਾਮ ਬਦਲ ਕੇ ਅੱਤਵਾਦੀ ਮਜਲਿਸ ਵੁਰਸਾ-ਏ-ਸ਼ੁਹੁਦਾ ਜੰਮੂ ਵਾ ਕਸ਼ਮੀਰ (Majlis Wurasa-e-Shuhuda Jammu wa Kashmir) ਰੱਖ ਲਿਆ ਹੈ। ਗੌਰਤਲਬ ਹੈ ਕਿ ਅੱਤਵਾਦੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਲਿਆ ਜਾ ਚੁੱਕਾ ਹੈ, ਉਹ ਪਾਕਿਸਤਾਨ ਦੇ ਬਹਾਵਲਪੁਰ ਵਿਚ ਮਰਕਜ਼ ਉਸਮਾਨ ਓ-ਅਲੀ ਵਿਚ ਬੀਮਾਰ ਪਿਆ ਹੋਇਆ ਹੈ।

ਭਾਰਤੀ ਕਾਊਂਟਰ ਅੱਤਵਾਦੀ ਏਜੰਸੀਆਂ ਮੁਤਾਬਕ,''ਜੈਸ਼ ਇਕ ਨਵੇਂ ਨਾਮ ਦੇ ਨਾਲ ਫਿਰ ਤੋਂ ਉਭਰ ਰਿਹਾ ਹੈ ਪਰ ਉਸ ਦੀ ਲੀਡਰਸ਼ਿਪ ਅਤੇ ਅੱਤਵਾਦੀ ਕੈਡਰ ਉਹੀ ਹਨ। ਇਸ ਨੂੰ ਪਹਿਲਾਂ ਖੁਦਮ-ਉਲ-ਇਸਲਾਮ ਅਤੇ ਅਲ ਰਹਿਮਤ ਟਰੱਸਟ ਦੇ ਰੂਪ ਵਿਚ ਜਾਣਿਆ ਜਾਂਦਾ  ਸੀ। ਜੈਸ਼ ਦੇ ਨਵੇਂ ਅਵਤਾਰ ਮਜਲਿਸ ਵੂਰਸਾ-ਏ-ਸ਼ੁਹੁਦਾ ਜੰਮੂ ਵਾ ਕਸ਼ਮੀਰ ਦਾ ਮਤਲਬ ਜੰਮੂ ਅਤੇ ਕਸ਼ਮੀਰ ਦੇ ਸ਼ਹੀਦਾਂ ਦੇ ਵਾਰਸਾਂ ਦੇ ਇਕੱਠ ਹੈ। ਉਸ ਦਾ ਝੰਡਾ ਵੀ ਉਹੀ ਹੈ, ਇਸ ਵਿਚ ਸਿਰਫ ਇਕ ਸ਼ਬਦ ਦੀ ਤਬਦੀਲੀ ਹੈ। ਇਸ ਵਿਚ ਸਿਰਫ 'ਅਲ-ਜਿਹਾਦ' ਦੀ ਜਗ੍ਹਾ 'ਅਲ-ਇਸਲਾਮ' ਸ਼ਬਦ ਜੋੜਿਆ ਗਿਆ ਹੈ।''

ਇਸ ਦੇ ਇਕ ਨੇਤਾ ਮੌਲਾਨਾ ਆਬਿਦ ਮੁਖਤਾਰ ਨੇ ਇਸ ਸਾਲ ਆਪਣੀਆਂ ਕਸ਼ਮੀਰ ਰੈਲੀਆਂ ਵਿਚ ਭਾਰਤ, ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਪਹਿਲਾਂ ਹੀ ਜਿਹਾਦ ਦੀ ਅਪੀਲ ਕੀਤੀ ਹੈ। ਇੱਥੇ ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਨਾ ਸਿਰਫ ਪਾਕਿਸਤਾਨ ਬੌਖਲਾਇਆ ਹੋਇਆ ਹੈ ਸਗੋਂ ਉਹ ਅੱਤਵਾਦੀਆਂ ਦੀ ਮਦਦ ਨਾਲ ਖਤਰਨਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਹੈ। ਪਾਕਿਸਤਾਨ 'ਤੇ ਨਜ਼ਰ ਰੱਖਣ ਵਾਲਿਆਂ ਮੁਤਾਬਕ,''ਜੈਸ਼ ਨੇ ਭਾਰਤ ਵਿਚ ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਲਈ 30 ਆਤਮਘਾਤੀ ਹਮਲਾਵਰਾਂ ਦਾ ਇਕ ਸਮੂਹ ਤਿਆਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਆਤਮਘਾਤੀ ਹਮਲਵਾਰ ਭਾਰਤ ਵਿਚ ਵਿਸ਼ੇਸ਼ ਰੂਪ ਨਾਲ ਮਿਲਟਰੀ ਛਾਊਣੀਆਂ ਅਤੇ ਜੰਮੂ ਤੇ ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਦੇ ਕਾਫਲਿਆਂ ਨੂੰ ਨਿਸ਼ਾਨਾ ਬਣਾਉਣਗੇ।''


Vandana

Content Editor

Related News