ਪਾਕਿਸਤਾਨ ''ਚ ਭਾਰੀ ਬਾਰਿਸ਼ ਦਾ ਕਹਿਰ ! 3 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ
Thursday, Apr 09, 2026 - 05:43 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਜਨ-ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਪੇਸ਼ਾਵਰ, ਮੋਹਮੰਦ ਅਤੇ ਨੌਸ਼ਹਿਰਾ ਜ਼ਿਲ੍ਹਿਆਂ ਵਿੱਚ ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ ਇੱਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 14 ਹੋਰ ਗੰਭੀਰ ਜ਼ਖਮੀ ਹੋਏ ਹਨ।
ਪੇਸ਼ਾਵਰ ਦੇ ਮੱਤਨੀ ਇਲਾਕੇ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਰੈਸਕਿਊ 1122 ਅਨੁਸਾਰ, ਕਈ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਲੋਕ ਫਸੇ ਹੋਏ ਹਨ। ਮੋਹਮੰਦ ਜ਼ਿਲ੍ਹਾ ਸਭ ਤੋਂ ਵੱਧ ਨੁਕਸਾਨਿਆ ਗਿਆ ਹੈ। ਸ਼ਹੀਦ ਬਾਂਡਾ ਵਿੱਚ ਇੱਕ ਕੁੜੀ ਅਤੇ ਬੈਜ਼ਈ ਖੇਤਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਥੇ ਇਸ ਸਾਲ 151mm ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਨੇ 2013 ਦਾ 134mm ਦਾ ਰਿਕਾਰਡ ਤੋੜ ਦਿੱਤਾ ਹੈ।
ਇਸੇ ਦੌਰਾਨ ਨੌਸ਼ਹਿਰਾ 'ਚ ਰਹੀਮਾਬਾਦ ਇਲਾਕੇ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰ (ਦੋ ਬੱਚੇ ਅਤੇ ਇੱਕ ਔਰਤ) ਛੱਤ ਡਿੱਗਣ ਕਾਰਨ ਜ਼ਖਮੀ ਹੋ ਗਏ ਹਨ। ਰਿਪੋਰਟਾਂ ਅਨੁਸਾਰ, ਸੈਂਕੜੇ ਘਰ ਅਤੇ ਕੰਧਾਂ ਢਹਿ ਗਈਆਂ ਹਨ। ਸੜਕਾਂ ਵਹਿ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਖੜ੍ਹੀਆਂ ਫਸਲਾਂ ਅਤੇ ਪਸ਼ੂਆਂ ਦੇ ਮਾਰੇ ਜਾਣ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
