ਕੋਰੋਨਾ ਕਾਰਨ ਪਾਕਿ ਨੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਪ੍ਰੋਗਰਾਮ ਕੀਤਾ ਰੱਦ
Monday, Apr 06, 2020 - 05:28 PM (IST)
ਇਸਲਾਮਾਬਾਦ (ਭਾਸ਼ਾ): ਦੁਨੀਆ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਦੇ ਵਿਚ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਿੱਖ ਭਾਈਚਾਰੇ ਲਈ ਇਕ ਖਬਰ ਆਈ ਹੈ।ਸੋਮਵਾਰ ਨੂੰ ਜਾਰੀ ਇਕ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ 14 ਅਪ੍ਰੈਲ ਤੋਂ ਪੰਜਾਬ ਸੂਬੇ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਆਯੋਜਿਤ ਹੋਣ ਵਾਲੇ ਵਿਸਾਖੀ ਸਮਾਰੋਹ ਨੂੰ ਰੱਦ ਕਰ ਦਿੱਤਾ ਹੈ। ਇਸ ਸਮਾਰੋਹ ਵਿਚ ਭਾਰਤ ਤੋਂ ਲੱਗਭਗ 3,000 ਸਿੱਖਾਂ ਨੇ ਸ਼ਾਮਲ ਹੋਣਾ ਸੀ। ਦੇਸ਼ ਵਿਚ ਫੈਲੀ ਕੋਰੋਨਾਵਾਇਰਸ ਮਹਾਮਾਰੀ ਕਾਰਨ ਇਹ ਫੈਸਲਾ ਲਿਆ ਗਿਆ।
ਪਾਕਿਸਤਾਨ ਵਿਚ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 3,277 ਤੱਕ ਪਹੁੰਚ ਗਈ ਜਿਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਸੂਬੇ ਵਿਚ ਇਨਫੈਕਸ਼ਨ ਦੇ ਮਾਮਲੇ 1,500 ਤੱਕ ਪਹੁੰਚ ਗਏ। ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਜਾਨਲੇਵਾ ਵਾਇਰਸ ਨੇ ਗਲੋਬਲ ਪੱਧਰ 'ਤੇ 1.2 ਮਿਲੀਅਨ ਤੋਂ ਵਧੇਰੇ ਲੋਕਾਂ ਨੂੰ ਇਨਫੈਕਟਿਡ ਕੀਤਾ ਹੈ। ਡਾਨ ਨਿਊਜ਼ ਨੇ ਦੱਸਿਆ ਕਿ ਵਿਸਾਖੀ ਸਮਾਰੋਹ 14 ਅਪ੍ਰੈਲ ਨੂੰ ਪੰਜਾਬ ਸੂਬੇ ਦੇ ਹਸਨ ਅਬਦਾਲ ਸ਼ਹਿਰ ਵਿਚ ਸਤਿਕਾਰਤ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਣਾ ਸੀ। ਹੁਣ ਇਸ ਦਿਨ ਸਿਰਫ ਇਕ ਪ੍ਰਤੀਕਆਤਮਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨੂੰ ਲੈ ਕੇ ਅਮਰੀਕੀ ਵਿਗਿਆਨੀ ਨੇ ਦਿੱਤੀ ਇਹ ਵੱਡੀ ਚਿਤਾਵਨੀ
ਰਿਪੋਰਟ ਮੁਤਾਬਕ,''ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਡਿਪਟੀ ਸਕੱਤਰ ਇਮਰਾਨ ਗੋਂਡਲ ਨੇ ਕਿਹਾ ਕਿ ਈ.ਟੀ.ਪੀ.ਬੀ. ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ਸਰਬ ਸੰਮਤੀ ਨਾਲ ਫੈਸਲਾ ਲਿਆ ਕਿ ਇਸ ਸਾਲ ਗੁਰਦੁਆਰਾ ਪੰਜਾ ਸਾਹਿਬ ਵਿਚ ਵਿਸਾਖੀ ਸੰਬੰਧਤ ਕੋਈ ਸਮਾਰੋਹ ਆਯੋਜਿਤ ਨਹੀਂ ਹੋਵੇਗਾ ਅਤੇ ਸਿੱਖ ਸ਼ਰਧਾਲੂਆਂ ਦੇ ਨਿਰਧਾਰਿਤ ਦੌਰੇ ਰੱਦ ਕੀਤੇ ਗਏ ਹਨ।'' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਤੋਂ ਲੱਗਭਗ 3,000 ਸਿੱਖ ਅਤੇ ਦੁਨੀਆ ਭਰ ਦੇ 2 ਹਜ਼ਾਰ ਸਿੱਖਾਂ ਨੇ ਇਸ ਸਮਾਰੋਹ ਵਿਚ ਸ਼ਾਮਲ ਹੋਣਾ ਸੀ।
ਇੱਥੇ ਦੱਸ ਦਈਏ ਕਿ 1974 ਦੇ ਧਾਰਮਿਕ ਸਥਲਾਂ ਦੇ ਦੌਰੇ 'ਤੇ ਭਾਰਤ-ਪਾਕਿਸਤਾਨ ਪ੍ਰੋਟੋਕਾਲ ਦੇ ਢਾਂਚੇ ਦੇ ਤਹਿਤ ਹਰੇਕ ਸਾਲ ਭਾਰਤ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਵਿਭਿੰਨ ਧਾਰਮਿਕ ਤਿਉਹਾਰਾਂ ਅਤੇ ਮੌਕਿਆਂ 'ਤੇ ਪਾਕਿਸਤਾਨ ਜਾਂਦੇ ਹਨ। 2019 ਵਿਚ ਵਿਸਾਖੀ ਮਨਾਉਣ ਲਈ ਭਾਰਤ ਤੋਂ 2,200 ਤੋਂ ਵਧੇਰੇ ਸਿੱਖ ਪਾਕਿਸਤਾਨ ਗਏ ਸਨ। ਗੋਂਡਲ ਨੇ ਕਿਹਾ,''ਇਸ ਫੈਸਲੇ ਦੇ ਬਾਰੇ ਵਿਚ ਪਹਿਲਾਂ ਹੀ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਵਿਕਾਸ ਦੇ ਸੰਬੰਧ ਵਿਚ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਇਸ ਸਾਲ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਨਹੀਂ ਕਰੇਗਾ।'' ਉਹਨਾਂ ਮੁਤਾਬਕ,''ਅਸੀਂ ਹਾਲ ਹੀ ਵਿਚ ਸਥਿਤੀ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਹੈ ਅਤੇ ਸਰਕਾਰੀ ਵਿਭਾਗਾਂ ਦੇ ਨਾਲ ਕੰਮ ਕੀਤਾ ਹੈ ਜਿਸ ਵਿਚ ਪੀ.ਐੱਸ.ਜੀ.ਪੀ.ਸੀ. ਅਤੇ ਹੋਰ ਹਿੱਸੇਦਾਰ ਸ਼ਾਮਲ ਹਨ।