ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਦੀ ਚਿਤਾਵਨੀ, ਕਿਹਾ-ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨ ਦੇ ਨਤੀਜੇ ਹੋਣਗੇ ਭਿਆਨਕ

Friday, Sep 10, 2021 - 10:09 PM (IST)

ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਦੀ ਚਿਤਾਵਨੀ, ਕਿਹਾ-ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨ ਦੇ ਨਤੀਜੇ ਹੋਣਗੇ ਭਿਆਨਕ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੁੱਕਰਵਾਰ ਕਿਹਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਪ੍ਰਤੀ ਨਵੀਂ ਹਾਂ-ਪੱਖੀ ਸੋਚ ਰੱਖਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨ ਨਾਲ ਅਫ਼ਗਾਨ ਲੋਕਾਂ, ਖੇਤਰ ਅਤੇ ਵਿਸ਼ਵ ਲਈ ਨਤੀਜੇ ਭਿਆਨਕ ਹੋਣਗੇ । ਕੁਰੈਸ਼ੀ ਨੇ ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬੇਰਸ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਇਹ ਟਿੱਪਣੀ ਕੀਤੀ। ਅਲਬੇਅਰਸ ਅਫ਼ਗਾਨਿਸਤਾਨ ਦੀ ਤਾਜ਼ਾ ਸਥਿਤੀ ’ਤੇ ਚਰਚਾ ਕਰਨ ਲਈ ਸ਼ੁੱਕਰਵਾਰ ਨੂੰ ਇਸਲਾਮਾਬਾਦ ਪਹੁੰਚੇ। ਦੋਵਾਂ ਨੇਤਾਵਾਂ ਨੇ ਮੀਡੀਆ ਬ੍ਰੀਫਿੰਗ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ’ਚ ਵਫ਼ਦ ਪੱਧਰੀ ਗੱਲਬਾਤ ਕੀਤੀ। ਕੁਰੈਸ਼ੀ ਨੇ ਕਿਹਾ, ‘‘ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨ ਦੇ ਭਿਆਨਕ ਨਤੀਜੇ ਹੋਣਗੇ ਅਤੇ ਇਹ ਅਫ਼ਗਾਨ ਲੋਕਾਂ, ਖੇਤਰ ਅਤੇ ਵਿਸ਼ਵ ਲਈ ਮਦਦਗਾਰ ਨਹੀਂ ਹੋਣਗੇ।’’

ਉਨ੍ਹਾਂ ਕਿਹਾ, “ਅਸੀਂ ਅਫ਼ਗਾਨਿਸਤਾਨ ਲਈ ਇੱਕ ਨਵੀਂ ਹਾਂ-ਪੱਖੀ ਸੋਚ ਅਪਣਾਈ ਹੈ।” ਕੁਰੈਸ਼ੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ’ਚ ਨਵੀਆਂ ਹਕੀਕਤਾਂ ਨੂੰ ਪਛਾਣਨ ਅਤੇ ਸ਼ਾਂਤੀ ਲਈ ਤਾਲਿਬਾਨ ਨਾਲ ਗੱਲਬਾਤ ਸਥਾਪਿਤ ਕਰਨ। ਉਨ੍ਹਾਂ ਨੇ ਵਿਸ਼ਵ ਨੂੰ ਅਫ਼ਗਾਨਿਸਤਾਨ ’ਚ ਮਨੁੱਖ਼ਤਾਵਾਦੀ ਸੰਕਟ ਨੂੰ ਰੋਕਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਦੇਸ਼ ਲਈ ਫੰਡ ਇਕੱਠਾ ਕਰਨ ਲਈ ਜੇਨੇਵਾ ’ਚ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਫ਼ਗਾਨਿਸਤਾਨ ਦੀ ਸਥਿਤੀ ਨੂੰ ਸੁਧਾਰਨ ’ਚ ਯੋਗਦਾਨ ਦੇ ਰਿਹਾ ਹੈ ਅਤੇ ਉਨ੍ਹਾਂ ਨੇ 9 ਸਤੰਬਰ ਨੂੰ ਭੋਜਨ ਤੇ ਡਾਕਟਰੀ ਸਪਲਾਈ ਵਾਲਾ ਇੱਕ ਜਹਾਜ਼ ਭੇਜਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਹਵਾਈ ਤੇ ਜ਼ਮੀਨੀ ਰਸਤੇ ਰਾਹੀਂ ਹੋਰ ਮਨੁੱਖਤਾਵਾਦੀ ਸਹਾਇਤਾ ਭੇਜੀ ਜਾਵੇਗੀ।

ਕੁਰੈਸ਼ੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਨੂੰ ਆਰਥਿਕ ਮੋਰਚੇ ’ਤੇ ਅਸਫਲ ਹੋਣ ਤੋਂ ਰੋਕਣ ਲਈ ਕਦਮ ਚੁੱਕਣ ਦੀ ਆਪਣੀ ਬੇਨਤੀ ਦੁਹਰਾਈ ਅਤੇ ਇਹ ਸਰੋਤ ਮੁਹੱਈਆ ਕਰਵਾ ਕੇ ਅਤੇ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਫੰਡਾਂ ਨੂੰ ਫ੍ਰੀਜ਼ ਕਰਨ ਦਾ ਫ਼ੈਸਲਾ ਮਦਦਗਾਰ ਨਹੀਂ ਹੋਵੇਗਾ ਅਤੇ ਇਸ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਸਪੇਨ ਦੇ ਵਿਦੇਸ਼ ਮੰਤਰੀ ਨੇ ਅਫ਼ਗਾਨ ਲੋਕਾਂ ਦੀ ਮਦਦ ਲਈ ਪਾਕਿਸਤਾਨ ਅਤੇ ਹੋਰ ਖੇਤਰੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, “ਪਾਕਿਸਤਾਨ ਅਤੇ ਸਪੇਨ ਦੋਵੇਂ ਅਫ਼ਗਾਨਿਸਤਾਨ ’ਚ ਸਥਿਰਤਾ ਅਤੇ ਸ਼ਾਂਤੀ ਚਾਹੁੰਦੇ ਹਨ, ਅਸੀਂ ਚਾਹੁੰਦੇ ਹਾਂ ਕਿ ਅਫ਼ਗਾਨ ਲੋਕਾਂ ਤੱਕ ਮਨੁੱਖੀ ਸਹਾਇਤਾ ਪਹੁੰਚੇ।”


author

Manoj

Content Editor

Related News