ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, 30 ਲੱਖ ਤੋਂ ਵੱਧ ਬੱਚਿਆਂ 'ਤੇ ਮੰਡਰਾਇਆ ਖਤਰਾ

Thursday, Sep 01, 2022 - 03:19 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨ ਹਾਲ ਹੀ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਹੁਣ ਤੱਕ 1100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਦੀ 3.5 ਕਰੋੜ ਆਬਾਦੀ ਇਸ ਨਾਲ ਪ੍ਰਭਾਵਿਤ ਹੈ। 116 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਇਨ੍ਹਾਂ ਵਿੱਚੋਂ 66 ਜ਼ਿਲ੍ਹਿਆਂ ਦੀ ਹਾਲਤ ਬਹੁਤ ਖਰਾਬ ਹੈ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਕਿਹਾ ਹੈ ਕਿ ਭਿਆਨਕ ਹੜ੍ਹ ਕਾਰਨ 30 ਲੱਖ ਤੋਂ ਵੱਧ ਬੱਚਿਆਂ ਨੂੰ ਬੀਮਾਰੀਆਂ ਅਤੇ ਭੁੱਖਮਰੀ ਦਾ ਖ਼ਤਰਾ ਹੈ। 

PunjabKesari

ਯੂਨੀਸੇਫ ਨੇ ਇਕ ਬਿਆਨ 'ਚ ਕਿਹਾ ਹੈ ਕਿ ਭਿਆਨਕ ਹੜ੍ਹ ਕਾਰਨ ਪਾਕਿਸਤਾਨ 'ਚ 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਅਤੇ ਕੁਪੋਸ਼ਣ ਦਾ ਖਤਰਾ ਹੈ, ਇਸ ਲਈ ਉਨ੍ਹਾਂ ਨੂੰ ਮਨੁੱਖੀ ਸਹਾਇਤਾ ਦੀ ਫੌਰੀ ਲੋੜ ਹੈ।ਸਮਾਚਾਰ ਏਜੰਸੀ ਦੀ ਇੱਕ ਖਬਰ ਮੁਤਾਬਕ ਪਾਕਿਸਤਾਨ ਵਿੱਚ ਇਸ ਸਾਲ ਜੁਲਾਈ ਦੇ ਅੱਧ ਤੋਂ ਭਾਰੀ ਮਾਨਸੂਨ ਬਾਰਸ਼ ਸ਼ੁਰੂ ਹੋ ਗਈ ਸੀ, ਜਿਸ ਕਾਰਨ ਭਿਆਨਕ ਹੜ੍ਹ ਆ ਗਏ। ਇਸ ਕਾਰਨ ਪਾਕਿਸਤਾਨ ਦੇ 116 ਜ਼ਿਲ੍ਹਿਆਂ ਦੇ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ। ਯੂਨੀਸੇਫ ਨੇ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਕੰਮ ਕਰ ਰਿਹਾ ਹੈ।

PunjabKesari

ਪਿਛਲੇ ਹਫ਼ਤੇ ਪਾਕਿਸਤਾਨ ਨੇ ਹੜ੍ਹਾਂ ਕਾਰਨ ਰਾਜ ਐਮਰਜੈਂਸੀ ਦਾ ਐਲਾਨ ਕੀਤਾ ਸੀ ਅਤੇ ਦੁਨੀਆ ਦੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਸੀ।ਯੂਨੀਸੇਫ ਨੇ ਕਿਹਾ ਹੈ ਕਿ ਇਸ ਹੜ੍ਹ ਕਾਰਨ 1.6 ਕਰੋੜ ਬੱਚੇ ਪ੍ਰਭਾਵਿਤ ਹੋਏ ਹਨ। ਹੁਣ ਤੱਕ 1100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 350 ਬੱਚੇ ਸ਼ਾਮਲ ਹਨ। ਵੱਖ-ਵੱਖ ਕਾਰਨਾਂ ਕਰਕੇ ਹੜ੍ਹ ਵਿਚ 1600 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ। 2.87 ਲੱਖ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਦਕਿ 6.62 ਲੱਖ ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ ਹਨ। ਦੇਸ਼ ਦੀਆਂ ਕਈ ਵੱਡੀਆਂ ਨਦੀਆਂ 'ਤੇ ਬਣੇ ਡੈਮ ਟੁੱਟ ਚੁੱਕੇ ਹਨ ਅਤੇ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਕਾਰਨ ਵਾਹੀਯੋਗ ਜ਼ਮੀਨਾਂ, ਘਰਾਂ, ਸੜਕਾਂ, ਪੁਲਾਂ, ਸਕੂਲਾਂ, ਹਸਪਤਾਲਾਂ ਅਤੇ ਹੋਰ ਜਨਤਕ ਥਾਵਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਸ਼ਹਿਬਾਜ਼ ਸ਼ਰੀਫ ਨੇ ਪੀ.ਐੱਮ. ਮੋਦੀ ਦਾ ਕੀਤਾ ਧੰਨਵਾਦ, ਹੜ੍ਹ ਦੇ ਹਾਲਾਤ 'ਤੇ ਜਤਾਈ ਸੀ ਚਿੰਤਾ

ਯੂਨੀਸੇਫ ਮੁਤਾਬਕ ਭਿਆਨਕ ਹੜ੍ਹਾਂ ਕਾਰਨ ਦਸਤ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਇੱਥੋਂ ਤੱਕ ਕਿ ਸਾਹ ਦੀਆਂ ਬਿਮਾਰੀਆਂ ਅਤੇ ਚਮੜੀ ਰੋਗਾਂ ਦੀਆਂ ਸ਼ਿਕਾਇਤਾਂ ਵੀ ਆਉਣ ਲੱਗ ਪਈਆਂ ਹਨ। ਹੜ੍ਹਾਂ ਤੋਂ ਪਹਿਲਾਂ ਹੀ ਪਾਕਿਸਤਾਨ ਵਿੱਚ 40 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਅਜਿਹੇ 'ਚ ਹਾਲ ਹੀ 'ਚ ਆਏ ਹੜ੍ਹਾਂ ਨੇ ਇਨ੍ਹਾਂ ਬੱਚਿਆਂ ਪ੍ਰਤੀ ਚਿੰਤਾ ਵਧਾ ਦਿੱਤੀ ਹੈ। ਭਾਰੀ ਬਰਸਾਤ ਅਤੇ ਖੜ੍ਹੇ ਪਾਣੀ ਕਾਰਨ ਮਨੁੱਖੀ ਸਹਾਇਤਾ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News