FATF 'ਚੋਂ ਬਾਹਰ ਆਉਣ ਲਈ ਪਾਕਿ ਨੇ ਅਮਰੀਕਾ ਤੋਂ ਮੰਗੀ ਮਦਦ

Monday, Jan 20, 2020 - 01:39 PM (IST)

FATF 'ਚੋਂ ਬਾਹਰ ਆਉਣ ਲਈ ਪਾਕਿ ਨੇ ਅਮਰੀਕਾ ਤੋਂ ਮੰਗੀ ਮਦਦ

ਵਾਸ਼ਿੰਗਟਨ (ਬਿਊਰੋ): ਪਾਕਿਸਤਾਨ ਖੁਦ ਨੂੰ ਗ੍ਰੇ ਸੂਚੀ ਵਿਚ ਪਾਏ ਜਾਣ ਨਾਲ ਕਾਫੀ ਪਰੇਸ਼ਾਨ ਹੈ। ਹੁਣ ਉਹ ਇਸ ਸੂਚੀ ਵਿਚੋਂ ਆਪਣਾ ਨਾਮ ਹਟਵਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਨੇ ਇਕ ਵਾਰ ਫਿਰ ਐੱਫ.ਏ.ਟੀ.ਐੱਫ. (ਵਿੱਤੀ ਕਾਰਵਾਈ ਟਾਸਕ ਫੋਰਸ) ਦੀ ਗ੍ਰੇ ਸੂਚੀ ਵਿਚੋਂ ਆਪਣਾ ਨਾਮ ਹਟਾ ਦੇਣ ਦੀ ਅਮਰੀਕਾ ਨੂੰ ਅਪੀਲ ਕੀਤੀ ਹੈ। ਐੱਫ.ਏ.ਟੀ.ਐੱਫ. ਅੱਤਵਾਦੀ ਵਿਤਪੋਸ਼ਣ ਅਤੇ ਗਲੋਬਲ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਦਾ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੁੱਕਰਵਾਰ ਰਾਤ ਇਸ ਬਾਰੇ ਜਾਣਕਾਰੀ ਦਿੱਤੀ।

ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਆਸ ਹੈ ਕਿ ਅਮਰੀਕਾ ਅਗਲੇ ਮਹੀਨੇ ਐੱਫ.ਏ.ਟੀ.ਐੱਫ. ਦੀ ਬੀਜਿੰਗ ਬੈਠਕ ਵਿਚ ਉਸ ਨੂੰ ਗ੍ਰੇ ਸੂਚੀ ਵਿਚੋਂ ਬਾਹਰ ਕਰ ਦੇਵੇਗਾ। ਕੁਰੈਸ਼ੀ ਨੇ ਦੱਸਿਆ ਕਿ ਇਹ ਬੈਠਕ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਪ੍ਰੈਲ ਵਿਚ ਪੈਰਿਸ ਵਿਚ ਬੈਠਕ ਹੋਣ ਵਾਲੀ ਹੈ ਜਿੱਥੇ ਵਿਸ਼ਵ ਬੌਡੀ ਤੈਅ ਕਰੇਗੀ ਕੀ ਪਾਕਿਸਤਾਨ ਸੂਚੀ ਵਿਚ ਬਣਿਆ ਰਹੇ ਜਾਂ ਉਸ ਨੂੰ ਹਟਾ ਦਿੱਤਾ ਜਾਵੇ। ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿਚ ਰੱਖਿਆ ਹੈ ਜੋ ਮਨੀ ਲਾਂਡਰਿੰਗ ਨੂੰ ਖਤਮ ਕਰਨ ਵਿਚ ਅਸਫਲ ਰਹੇ ਹਨ ਅਤੇ ਜਿੱਥੇ ਅੱਤਵਾਦੀ ਹਾਲੇ ਵੀ ਆਪਣੀਆਂ ਗਤੀਵਿਧੀਆਂ ਲਈ ਰਾਸ਼ੀ ਇਕੱਠੀ ਕਰ ਸਕਦੇ ਹਨ। ਜੇਕਰ ਅਪ੍ਰੈਲ ਤੱਕ ਸੂਚੀ ਵਿਚੋਂ ਨਾਮ ਨਾ ਹਟਾਇਆ ਗਿਆ ਤਾਂ ਪਾਕਿਸਤਾਨ ਈਰਾਨ ਜਿਹੀਆਂ ਗੰਭੀਰ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ ਦੀ ਇਕ ਬਲੈਕਲਿਸਟ ਵਿਚ ਚਲਾ ਜਾਵੇਗਾ। 

ਕੁਰੈਸ਼ੀ ਨੇ ਅਮਰੀਕਾ ਦੇ ਮੁੱਖ ਸਾਂਸਦਾਂ ਅਤੇ ਅਧਿਕਾਰੀਆਂ ਦੇ ਨਾਲ ਕਈ ਬੈਠਕਾਂ ਦੇ ਬਾਅਦ ਸ਼ੁੱਕਰਵਾਰ ਨੂੰ ਸੰਯੁਕਤ ਰਾਜ ਅਮਰੀਕਾ ਦੀ ਆਪਣੀ 3 ਦਿਨੀਂ ਯਾਤਰਾ ਖਤਮ ਕੀਤੀ। ਬੈਠਕਾਂ ਵਿਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓਬ੍ਰਾਇਨ ਸ਼ਾਮਲ ਸਨ। ਕੁਰੈਸ਼ੀ ਨੇ ਅਮਰੀਕਾ ਨੂੰ ਪਾਕਿਸਤਾਨ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਵੀ ਅਪੀਲ ਕੀਤੀ।


author

Vandana

Content Editor

Related News