ਪਾਕਿਸਤਾਨ ''ਚ ਆਮ ਚੋਣਾਂ ਨੂੰ ਲੈ ਕੇ ਅਮਰੀਕਾ ਨੇ ਇਸ ਗੱਲ ''ਤੇ ਪ੍ਰਗਟਾਈ ਚਿੰਤਾ
Saturday, Jul 21, 2018 - 04:50 PM (IST)

ਇਸਲਾਮਾਬਾਦ (ਭਾਸ਼ਾ)— ਅਮਰੀਕਾ ਨੇ ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਲੋਕਾਂ ਦੇ ਚੋਣ ਲੜਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਅਮਰੀਕਾ ਨੇ ਆਪਣੀ ਚਿੰਤਾ ਨਾਲ ਪਾਕਿਸਤਾਨ ਨੂੰ ਜਾਣੂ ਕਰਵਾ ਦਿੱਤਾ ਹੈ। ਪਾਕਿਸਤਾਨ ਦੀ ਅਖਬਾਰ 'ਡਾਨ' ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ, ''ਲਸ਼ਕਰ-ਏ-ਤੋਇਬਾ ਨੂੰ ਲੈ ਕੇ ਅਸੀਂ ਆਪਣੀ ਚਿੰਤਾ ਨਾਲ ਵਾਰ-ਵਾਰ ਪਾਕਿਸਤਾਨ ਨੂੰ ਜਾਣੂ ਕਰਵਾਇਆ ਹੈ। ਇਸ ਵਿਚ ਲਸ਼ਕਰ ਨਾਲ ਜੁੜੇ ਵਿਅਕਤੀਆਂ ਦੇ ਚੋਣਾਂ ਲੜਨ ਦੀ ਗੱਲ ਹੈ।''
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਚੋਣ ਕਮਿਸ਼ਨ ਨੇ ਜੂਨ ਵਿਚ ਮਿੱਲੀ ਮੁਸਲਿਮ ਲੀਗ ਦੇ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਦੀ ਵਜ੍ਹਾ ਲਸ਼ਕਰ ਨਾਲ ਉਸ ਦੇ ਸਬੰਧਾਂ ਨੂੰ ਦੱਸਿਆ ਸੀ। ਇੱਥੇ ਦੱਸ ਦੇਈਏ ਕਿ ਲਸ਼ਕਰ ਕੌਮਾਂਤਰੀ ਰੂਪ ਨਾਲ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ।