ਪ੍ਰਕਾਸ਼ ਪੁਰਬ ਮੌਕੇ ਪਾਕਿ ਦੇ ਇਨ੍ਹਾਂ ਗੁਰਦੁਆਰਿਆਂ 'ਚ ਜਾ ਸਕਣਗੇ ਸਿੱਖ ਸ਼ਰਧਾਲੂ

07/31/2019 3:00:23 PM

ਇਸਲਾਮਾਬਾਦ (ਰਣਦੀਪ ਸਿੰਘ, ਅਮਰੀਕ ਟੁਰਨਾ)— ਭਾਰਤ ਤੋਂ ਪਾਕਿਸਤਾਨ ਪਹੁੰਚੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੇ ਅੱਜ ਭਾਵ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ। ਇਸ ਮਗਰੋਂ ਦੋਹਾਂ ਦੇਸ਼ਾਂ ਦੇ ਮੁੱਖ ਆਗੂਆਂ ਵੱਲੋਂ ਮੀਟਿੰਗ ਕਰ ਕੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਮੀਟਿੰਗ ਤੋਂ ਬਾਅਦ ਇਕ ਸਾਂਝੀ ਪ੍ਰੈੱਸ ਕਾਨਫੰਰਸ ਵੀ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਈ.ਟੀ.ਪੀ.ਬੀ. ਦੇ ਚੇਅਰਮੈਨ ਡਾਕਟਰ ਆਮਿਰ ਅਹਿਮਦ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਪੁੱਜਣ ਵਾਲੇ ਸਿੱਖ ਸ਼ਰਧਾਲੂ ਇੱਥੋਂ ਦੇ ਕਈ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰ ਸਕਣਗੇ। 

ਉਨ੍ਹਾਂ ਕਿਹਾ ਕਿ ਵੀਜ਼ਾ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਦੇ 7 ਗੁਰਦੁਆਰਿਆਂ ਦੇ ਦਰਸ਼ਨ ਕਰਨੇ ਸੰਭਵ ਹੋਣਗੇ। ਇਸ ਦੇ ਨਾਲ-ਨਾਲ ਉਸ ਮੌਕੇ ਤੱਕ ਕਰਤਾਰਪੁਰ ਕੋਰੀਡੋਰ ਵੀ ਖੁੱਲ੍ਹ ਜਾਵੇਗਾ ਅਤੇ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰ ਸਕਣਗੇ। ਪੰਜਾ ਸਾਹਿਬ ਅਤੇ ਹੋਰ ਦੂਰੀ 'ਤੇ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਬਾਰੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੰਭਵ ਹੋ ਸਕਿਆ ਤਾਂ ਇਨ੍ਹਾਂ ਦੇ ਦਰਸ਼ਨ ਦੀਦਾਰੇ ਦੀ ਖੁੱਲ੍ਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਦੂਰ-ਦੂਰ ਸਥਿਤ ਗੁਰਦੁਆਰਿਆਂ ਤੱਕ ਸੰਗਤ ਦੇ ਪਹੁੰਚਣ ਲਈ ਪੁਖਤਾ ਬੰਦੋਬਸਤ ਕਰਨ ਲਈ ਯਤਨਸ਼ੀਲ ਹਾਂ।


Vandana

Content Editor

Related News