ਪਾਕਿਸਤਾਨ: ਕਾਰਜਕਾਰੀ ਪ੍ਰਧਾਨ ਮੰਤਰੀ ਲਈ ਅੱਬਾਸੀ ਅਤੇ ਆਜ਼ਾਦ ਐਮ.ਪੀ ਦੇ ਨਾਂ ''ਤੇ ਚਰਚਾ
Friday, Aug 04, 2023 - 06:00 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀਆਂ ਗੱਠਜੋੜ ਪਾਰਟੀਆਂ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਅਹੁਦੇ ਲਈ ਸ਼ੁੱਕਰਵਾਰ ਨੂੰ ਜਿਹੜੇ ਨਾਵਾਂ 'ਤੇ ਚਰਚਾ ਕੀਤੀ, ਉਸ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਬਲੋਚਿਸਤਾਨ ਤੋਂ ਆਜ਼ਾਦ ਸੰਸਦ ਮੈਂਬਰ ਅਸਲਮ ਭੁਟਾਨੀ ਸ਼ਾਮਲ ਸਨ। ਜੀਓ ਨਿਊਜ਼ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਸਾਬਕਾ ਵਿੱਤ ਮੰਤਰੀ ਹਫੀਜ਼ ਸ਼ੇਖ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਾਬਕਾ ਪ੍ਰਮੁੱਖ ਸਕੱਤਰ ਫਵਾਦ ਹਸਨ ਫਵਾਦ ਦੇ ਨਾਂ ਵੀ ਉਸ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ 'ਤੇ 'ਜ਼ੂਮ' 'ਤੇ ਹੋਈ ਆਨਲਾਈਨ ਮੀਟਿੰਗ ਵਿਚ ਚਰਚਾ ਕੀਤੀ ਗਈ।
ਮੀਟਿੰਗ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ ਵਿਚ ਭਾਈਵਾਲਾਂ ਦੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇਯੂਆਈ-ਐਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ, ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਹਾਲਾਂਕਿ ਸੂਤਰ ਨੇ ਕਿਹਾ ਕਿ ਗੱਠਜੋੜ ਪਾਰਟੀਆਂ ਨੇ ਹੋਰ ਸਲਾਹ-ਮਸ਼ਵਰੇ ਅਤੇ ਮੀਟਿੰਗਾਂ ਨੂੰ ਜਾਰੀ ਰੱਖਣ ਦਾ ਫੈ਼ਸਲਾ ਕੀਤਾ ਹੈ। ਮੀਟਿੰਗ ਵਿੱਚ ਬਲੋਚਿਸਤਾਨ ਨੈਸ਼ਨਲ ਪਾਰਟੀ ਦੇ ਪ੍ਰਧਾਨ ਅਖਤਰ ਮੈਂਗਲ, ਜਮਹੂਰੀ ਵਤਨ ਪਾਰਟੀ (ਜੇਡਬਲਯੂਪੀ) ਦੇ ਆਗੂ ਸ਼ਾਹਜ਼ੈਨ ਬੁਗਤੀ, ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐਮਕਿਊਐਮ) ਦੇ ਆਗੂ ਖਾਲਿਦ ਮਕਬੂਲ ਅਤੇ ਨੈਸ਼ਨਲ ਡੈਮੋਕਰੇਟਿਕ ਮੂਵਮੈਂਟ (ਐਨਡੀਐਮ) ਦੇ ਪ੍ਰਧਾਨ ਮੋਹਸਿਨ ਡਾਵਰ ਵੀ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ-ਇਹਨਾਂ ਦੇਸ਼ਾਂ 'ਚ ਔਰਤਾਂ ਨੂੰ ਇਹ 'ਇਮੋਜੀ' ਭੇਜਣਾ ਬਣਿਆ ਅਪਰਾਧ, ਹੋਵੇਗੀ ਜੇਲ੍ਹ
ਹਾਲਾਂਕਿ ਸੱਤਾਧਾਰੀ ਗੱਠਜੋੜ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਵਿੱਚੋਂ ਇੱਕ ਪੀਪੀਪੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਇੱਕ ਵਿਅਕਤੀ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ਨਾਲ ਅਸਹਿਮਤ ਹੈ। ਪੀਪੀਪੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕਰਨ ਲਈ ਪੰਜ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਹੈ, ਪਰ ਹੋਰ ਨਾਵਾਂ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਆਪਣੇ ਗਠਜੋੜ ਭਾਈਵਾਲਾਂ ਨੂੰ ਕਿਹਾ ਕਿ ਉਹ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਨੂੰ ਇਸ ਦਾ ਕਾਰਜਕਾਲ ਖ਼ਤਮ ਹੋਣ ਤੋਂ ਤਿੰਨ ਦਿਨ ਪਹਿਲਾਂ 9 ਅਗਸਤ ਨੂੰ ਭੰਗ ਕਰਨ ਦੀ ਸਿਫਾਰਿਸ਼ ਕਰਨਗੇ। ਇਸ ਦੇ ਨਾਲ ਹੀ ਨਕਦੀ ਦੀ ਤੰਗੀ ਵਾਲੇ ਦੇਸ਼ ਵਿੱਚ ਆਮ ਚੋਣਾਂ ਦੀ ਕਵਾਇਦ ਸ਼ੁਰੂ ਹੋ ਜਾਵੇਗੀ।
ਵੀਰਵਾਰ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ ਦੁਆਰਾ ਆਯੋਜਿਤ ਰਾਤ ਦੇ ਖਾਣੇ 'ਤੇ ਬੋਲਦੇ ਹੋਏ ਸ਼ਰੀਫ ਨੇ ਕਿਹਾ ਕਿ ਉਹ ਜਿਹੜੇ ਨੋਟੀਫਿਕੇਸ਼ਨ ਨੂੰ ਭੇਜਣ ਦੀ ਯੋਜਨਾ ਬਣਾ ਰਹੇ ਹਨ ਉਸ 'ਤੇ ਰਾਸ਼ਟਰਪਤੀ ਆਰਿਫ ਅਲਵੀ ਦੁਆਰਾ ਦਸਤਖ਼ਤ ਕੀਤੇ ਜਾਣ 'ਤੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਜਾਵੇਗਾ। ਸ਼ਰੀਫ਼ ਨੇ ਪਿਛਲੇ ਹਫ਼ਤੇ ਵਿੱਤ ਮੰਤਰੀ ਇਸਹਾਕ ਡਾਰ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਅਗਲੇ ਮਹੀਨੇ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਕਿਸੇ ਨਿਰਪੱਖ ਵਿਅਕਤੀ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੀਆਂ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।