24 ਘੰਟਿਆਂ ''ਚ ਹੀ ਆਪਣੇ ਬਿਆਨ ਤੋਂ ਪਲਟਿਆ ਪਾਕਿ, ਕਿਹਾ- ਸਾਡੀ ਧਰਤੀ ''ਤੇ ਨਹੀਂ ਦਾਊਦ
Sunday, Aug 23, 2020 - 08:56 AM (IST)
ਇਸਲਾਮਾਬਾਦ- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਇਹ ਮੰਨਿਆ ਸੀ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਉਸ ਦੀ ਧਰਤੀ ‘ਤੇ ਹੈ ਪਰ ਆਪਣੀ ਆਦਤ ਤੋਂ ਮਜਬੂਰ ਪਾਕਿਸਤਾਨ ਇਕ ਵਾਰ ਫਿਰ ਆਪਣੇ ਬਿਆਨ ਤੋਂ ਪਲਟ ਗਿਆ ਹੈ। ਉਸ ਨੇ 24 ਘੰਟਿਆਂ ਵਿਚ ਆਪਣਾ ਬਿਆਨ ਬਦਲਦਿਆਂ ਦਾਊਦ ਇਬਰਾਹਿਮ ਦੀ ਮੌਜੂਦਗੀ ਤੋਂ ਅਧਿਕਾਰਤ ਤੌਰ 'ਤੇ ਇਨਕਾਰ ਕਰ ਦਿੱਤਾ ਹੈ।
ਹੁਣ ਪਾਕਿਸਤਾਨ ਦਾ ਕਹਿਣਾ ਹੈ ਕਿ ਦਾਊਦ ਤਾਂ ਉਸ ਦੀ ਧਰਤੀ ਉੱਤੇ ਹੈ ਹੀ ਨਹੀਂ। ਮੀਡੀਆ ਰਿਪੋਰਟਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਕਿਸਤਾਨ ਵਿਚ ਦਾਊਦ ਨਹੀਂ ਹੈ।
ਅਸਲ ਵਿਚ ਅੱਤਵਾਦੀ ਫੰਡਿੰਗ ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅੱਤਵਾਦੀਆਂ ਦੀ ਲਿਸਟ ਜਾਰੀ ਕੀਤੀ ਸੀ, ਜਿਸ ਵਿਚ ਦਾਊਦ ਦਾ ਨਾਂ ਵੀ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਕਰਾਚੀ ਦੇ ਕਿਲਫਟਨ ਇਲਾਕੇ ਦੇ ਵ੍ਹਾਈਟ ਹਾਊਸ ਵਿਚ ਦਾਊਦ ਰਹਿੰਦਾ ਹੈ।
ਦੱਸ ਦਈਏ ਇਬਰਾਹਿਮ ਦਾਊਦ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹੈ, ਉਸ ਨੇ 1993 ਵਿਚ ਮੁੰਬਈ ਵਿਚ ਬੰਬ ਧਮਾਕੇ ਕਰਵਾਏ ਸਨ। ਇਸ ਦੇ ਬਾਅਦ ਹੀ ਉਸ ਦਾ ਸਾਰਾ ਪਰਿਵਾਰ ਮੁੰਬਈ ਤੋਂ ਭੱਜ ਗਿਆ ਸੀ।