'ਕੋਹਿਨੂਰ' ਹੀਰੇ 'ਤੇ ਪਾਕਿ ਨੇ ਠੋਕਿਆ ਦਾਅਵਾ, ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਖਲ

Tuesday, Jul 13, 2021 - 03:20 PM (IST)

'ਕੋਹਿਨੂਰ' ਹੀਰੇ 'ਤੇ ਪਾਕਿ ਨੇ ਠੋਕਿਆ ਦਾਅਵਾ, ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਖਲ

ਲਾਹੌਰ (ਬਿਊਰੋ):  ਦੁਨੀਆ ਵਿਚ ਮਸ਼ਹੂਰ ਹੀਰਿਆਂ ਵਿਚ ਸ਼ਾਮਲ 'ਕੋਹਿਨੂਰ' ਨੂੰ ਹਾਸਲ ਕਰਨ ਲਈ ਭਾਰਤ-ਪਾਕਿਸਤਾਨ ਵਿਚਾਲੇ ਇਕ ਵਾਰ ਫਿਰ ਸੰਘਰਸ਼ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਲਾਹੌਰ ਹਾਈ ਕੋਰਟ ਵਿਚ ਮੰਗਲਵਾਰ ਨੂੰ ਇਕ ਪਟੀਸ਼ਨ ਦਾਇਰ ਕਰਕੇ ਇਸ ਹੀਰੇ ਨੂੰ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਤੋਂ ਵਾਪਸ ਲਿਆਉਣ ਦੀ ਮੰਗ ਕੀਤੀ ਗਈ। ਪਟੀਸ਼ਨਕਰਤਾ ਨੇ ਕਿਹਾ ਕਿ ਸਰਕਾਰ ਕੋਹਿਨੂਰ ਨੂੰ ਵਾਪਸ ਲਿਆਉਣ ਲਈ ਕਦਮ ਚੁੱਕੇ। ਲਾਹੌਰ ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ 16 ਜੁਲਾਈ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।

ਪਟੀਸ਼ਨਕਰਤਾ ਵਕੀਲ ਜਾਵੇਦ ਇਕਬਾਲ ਨੇ ਆਪਣੀ ਪਟੀਸ਼ਨ ਵਿਚ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਭਾਰਤ ਕੋਹਿਨੂਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਨੂੰ ਕੋਹਿਨੂਰ ਨੂੰ ਪਾਕਿਸਤਾਨ ਵਾਪਸ ਲਿਆਉਣ ਲਈ ਕੋਸ਼ਿਸ਼ ਤੇਜ਼ ਕਰਨ ਲਈ ਕਹੇ। ਇਕਬਾਲ ਨੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਨੇ ਦਿਲੀਪ ਸਿੰਘ ਤੋਂ ਇਹ ਹੀਰਾ ਖੋਹਿਆ ਸੀ ਅਤੇ ਉਸ ਨੂੰ ਆਪਣੇ ਨਾਲ ਲੰਡਨ ਲੈ ਗਏ ਸਨ।

ਪੜ੍ਹੋ ਇਹ ਅਹਿਮ ਖਬਰ  -  ਪਾਕਿਸਤਾਨ 'ਚ ਵੱਡਾ 'ਜਲ ਸੰਕਟ', ਗੰਦੇ ਪਾਣੀ ਪੀਣ ਕਾਰਨ ਸਾਹਮਣੇ ਆਏ ਹੈਪੇਟਾਈਟਿਸ ਦੇ ਹਜ਼ਾਰਾਂ ਮਰੀਜ਼

108 ਕੈਰਟ ਦਾ ਹੈ ਕੋਹਿਨੂਰ ਹੀਰਾ
ਇਕਬਾਲ ਨੇ ਕਿਹਾ ਕਿ ਇਸ ਹੀਰੇ 'ਤੇ ਬ੍ਰਿਟਿਸ਼ ਮਹਾਰਾਣੀ ਦਾ ਕੋਈ ਹੱਕ ਨਹੀਂ ਹੈ ਅਤੇ ਇਹ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਇੱਥੇ ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਹੀਰਿਆਂ ਵਿਚੋਂ ਇਕ ਕੋਹਿਨੂਰ ਹੀਰੇ ਨੂੰ ਵਾਪਸ ਲਿਆਉਣ ਲਈ ਭਾਰਤ ਵੀ ਕੋਸ਼ਿਸ਼ ਕਰ ਰਿਹਾ ਹੈ। ਇਹ ਹੀਰਾ ਫਿਲਹਾਲ ਟਾਵਰ ਆਫ ਲੰਡਨ ਵਿਚ ਪ੍ਰਦਰਸ਼ਿਤ ਰਾਜਮੁਕੁਟ ਵਿਚ ਲੱਗਿਆ ਹੈ। ਇਹ ਹੀਰਾ ਕਰੀਬ 108 ਕੈਰਟ ਦਾ ਹੈ।

ਸਾਲ 2010 ਵਿਚ ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਭਾਰਤ ਫੇਰੀ ਦੌਰਾਨ ਕਥਿਤ ਤੌਰ 'ਤੇ ਕਿਹਾ ਸੀ ਕਿ ਜੇਕਰ ਬ੍ਰਿਟੇਨ ਇਸ ਹੀਰੇ ਨੂੰ ਵਾਪਸ ਦੇਣ 'ਤੇ ਰਾਜ਼ੀ ਹੋਇਆ ਤਾਂ ਬ੍ਰਿਟਿਸ਼ ਮਿਊਜ਼ੀਅਮ ਖਾਲੀ ਮਿਲਣਗੇ। ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਹੀਰੇ ਨੂੰ ਬ੍ਰਿਟਿਸ਼ ਨਾ ਤਾਂ ਜ਼ਬਰਦਸਤੀ ਲੈ ਗਏ ਅਤੇ ਨਾ ਹੀ ਉਹਨਾਂ ਨੇ ਇਸ ਨੂੰ ਚੋਰੀ ਕੀਤਾ ਸਗੋਂ ਇਸ ਨੂੰ ਪੰਜਾਬ ਦੇ ਸ਼ਾਸਕਾਂ ਵੱਲੋਂ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਦੇ ਤੌਰ 'ਤੇ ਦਿੱਤਾ ਗਿਆ ਸੀ। ਇਸ ਹੀਰੇ ਨੂੰ ਵਾਪਸ ਲਿਆਉਣ ਵਿਚ ਕਈ ਕਾਨੂੰਨੀ ਅਤੇ ਤਕਨੀਕੀ ਮੁਸ਼ਕਲਾਂ ਹਨ ਕਿਉਂਕਿ ਇਹ ਆਜ਼ਾਦੀ ਤੋਂ ਪਹਿਲੇ ਸਮੇਂ ਨਾਲ ਸਬੰਧਤ ਹੈ। ਇਸ ਤਰ੍ਹਾਂ ਇਹ ਪੁਰਾਤਨਤਾ ਅਤੇ ਕਲਾ ਜਾਇਦਾਦ ਐਕਟ 1972 ਦੇ ਦਾਇਰੇ ਵਿਚ ਨਹੀਂ ਆਉਂਦਾ।


author

Vandana

Content Editor

Related News