ਪਾਕਿ : ਈਸਾਈ ਕੁੜੀ ਵੱਲੋਂ ਵਿਆਹ ਪ੍ਰਸ਼ਤਾਵ ਠੁਕਰਾਉਣ 'ਤੇ ਮੁਸਲਿਮ ਮੁੰਡੇ ਨੇ ਮਾਰੀ ਗੋਲੀ
Sunday, Dec 06, 2020 - 04:50 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਰਾਵਲਪਿੰਡੀ ਵਿਚ ਐਤਵਾਰ ਨੂੰ ਇਕ ਮੁਸਲਿਮ ਮੁੰਡੇ ਨੇ ਈਸਾਈ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਕੁੜੀ ਦਾ ਨਾਮ ਸੋਨੀਆ ਸੀ। ਸ਼ਹਿਜਾਦ ਨਾਮ ਦੇ ਮੁੰਡੇ ਨੇ ਕੁੜੀ ਦੇ ਘਰ ਵਿਆਹ ਦਾ ਪ੍ਰਸਤਾਵ ਭੇਜਿਆ ਪਰ ਕੁੜੀ ਦੇ ਮਾਤਾ-ਪਿਤਾ ਨੇ ਇਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ। ਇਸ ਗੱਲ ਨਾਲ ਨਾਰਾਜ਼ ਮੁੰਡੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਸ ਮਾਮਲੇ ਵਿਚ ਰਾਵਲਪਿੰਡੀ ਦੇ ਕੋਰਲ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ, ਕੁੜੀ ਐਤਵਾਰ ਨੂੰ ਫੈਜ਼ਾਨ ਦੇ ਨਾਲ ਹਾਈਵੇਅ 'ਤੇ ਜਾ ਰਹੀ ਸੀ। ਇਸ ਦੌਰਾਨ ਸ਼ਹਿਜਾਦ ਨੇ ਉਸ 'ਤੇ ਫਾਈਰਿੰਗ ਕਰ ਦਿੱਤੀ। ਮੌਕੇ 'ਤੇ ਹੀ ਕੁੜੀ ਦੀ ਮੌਤ ਹੋ ਗਈ। ਪੁਲਸ ਨੇ ਇਕ ਦੋਸ਼ੀ ਫੈਜ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਦੋਸ਼ੀ ਸ਼ਹਿਜਾਦ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਤੁਰਕੀ ਤੋਂ ਡਿਪੋਰਟ ਕੀਤੇ ਗਏ 22 ਪਾਕਿ ਨਾਗਰਿਕ ਪਹੁੰਚੇ ਇਸਲਾਮਾਬਾਦ
ਪੁਲਸ ਨੇ ਕਹੀ ਇਹ ਗੱਲ
ਪੁਲਸ ਦੇ ਮੁਤਾਬਕ, ਮੁੱਢਲੀ ਜਾਂਚ ਵਿਚ ਇਹ ਆਪਸੀ ਰੰਜਿਸ਼ ਦਾ ਮਾਮਲਾ ਲੱਗ ਰਿਹਾ ਹੈ। ਭਾਵੇਂਕਿ ਪੁਲਸ ਦੇ ਡੀ.ਆਈ.ਜੀ. ਨੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਦੀ ਗੱਲ ਕਹੀ ਹੈ। ਪਾਕਿਸਤਾਨ ਵਿਚ ਪਿਛਲੇ ਮਹੀਨੇ ਇਕ ਈਸਾਈ ਕੁੜੀ ਆਰਜੂ ਰਾਜਾ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਾ ਕੇ ਜ਼ਬਰਦਸਤੀ ਉਸ ਦਾ ਵਿਆਹ 44 ਸਾਲ ਦੇ ਇਕ ਮੁਸਲਿਮ ਵਿਅਕਤੀ ਨਾਲ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
ਪਾਕਿਸਤਾਨ ਨੇ ਕਈ ਮੌਕਿਆਂ 'ਤੇ ਘੱਟ ਗਿਣਤੀਆਂ ਦੀ ਰੱਖਿਆ ਦਾ ਭਰੋਸਾ ਦਿਵਾਇਆ ਹੈ ਪਰ ਉਹਨਾਂ ਨਾਲ ਵਿਤਕਰਾ ਹੁੰਦਾ ਰਹਿੰਦਾ ਹੈ। ਹਿੰਸਾ, ਕਤਲ, ਅਗਵਾ, ਬਲਾਤਕਾਰ ਅਤੇ ਜ਼ਬਰੀ ਧਰਮ ਪਰਿਵਰਤਨ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਹਿੰਦੂ, ਈਸਾਈ, ਸਿੱਖ, ਅਹਿਮਦੀਆ ਅਤੇ ਸ਼ੀਆਵਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਮੇਟੀ (ਐੱਚ.ਆਰ.ਸੀ.ਪੀ.) ਨੇ ਹਾਲ ਹੀ ਵਿਚ ਕਿਹਾ ਸੀ ਕਿ ਘੱਟ ਗਿਣਤੀ ਭਾਈਚਾਰਿਆਂ 'ਤੇ ਭਿਆਨਕ ਹਿੰਸਾ ਹੋ ਰਹੀ ਹੈ।
ਨੋਟ- ਪਾਕਿ ਵਿਚ ਮੁਸਲਿਮ ਮੁੰਡੇ ਵੱਲੋਂ ਈਸਾਈ ਕੁੜੀ ਦਾ ਕਤਲ ਕਰਨ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।