ਪਾਕਿ: ਖੈਬਰ ਪਖਤੂਨਖਵਾ ''ਚ ਧਮਾਕਾ, 1 ਪੁਲਸ ਕਰਮਚਾਰੀ ਹਲਾਕ
Tuesday, Feb 18, 2020 - 01:20 PM (IST)

ਪੇਸ਼ਾਵਰ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਪੋਲੀਓ ਕਰਮਚਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਪੁਲਸ ਦੀ ਵੈਨ ਦੇ ਕੋਲ ਮੰਗਲਵਾਰ ਨੂੰ ਹੋਏ ਇਕ ਆਈ.ਈ.ਡੀ. ਧਮਾਕੇ ਵਿਚ ਘੱਟ ਤੋਂ ਘੱਟ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਸਾਲ ਦੇਸ਼ ਵਿਆਪੀ ਪੋਲੀਓ ਟੀਕਾਕਰਨ ਮੁਹਿੰਮ ਸੋਮਵਾਰ ਨੂੰ ਸ਼ੁਰੂ ਹੋਈ, ਜਿਸ ਦਾ ਟੀਚਾ ਪੰਜ ਸਾਲ ਤੋਂ ਘੱਟ ਦੇ ਸਮੇਂ ਵਿਚ ਤਕਰੀਬਨ 3 ਕਰੋੜ 96 ਲੱਖ ਬੱਚਿਆਂ ਨੂੰ ਪੋਲੀਓ ਦਾ ਟੀਕਾ ਲਾਉਣਾ ਹੈ। ਇਸ ਮੁਹਿੰਮ ਵਿਚ ਤਕਰੀਬਨ 2,65,000 ਪੋਲੀਓ ਕਰਮਚਾਰੀ ਸ਼ਾਮਲ ਹਨ। ਡਾਨ ਅਖਬਾਰ ਦੀ ਖਬਰ ਮੁਤਾਬਕ ਜ਼ਿਲਾ ਪੁਲਸ ਅਧਿਕਾਰੀ ਵਾਹਿਦ ਮਹਿਮੂਦ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਧਮਾਕੇ ਦੀ ਘਟਨਾ ਡੇਰਾ ਇਸਮਾਈਲ ਖਾਨ ਸ਼ਹਿਰ ਦੇ ਕੁਲਾਚੀ ਖੇਤਰ ਵਿਚ ਹੋਈ ਜਿਥੇ ਪੋਲੀਓ ਟੀਕਾਕਰਨ ਕਰਮਚਾਰੀਆਂ ਦੀ ਸੁਰੱਖਿਆ ਲਈ ਵੈਨ ਤਾਇਨਾਤ ਕੀਤੀ ਗਈ ਸੀ। ਮਹਿਮੂਦ ਨੇ ਦੱਸਿਆ ਕਿ ਧਮਾਕੇ ਵਿਚ ਇਕ ਪੁਲਸ ਕਰਮਚਾਰੀ ਦੀ ਜਾਨ ਚਲੀ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਦੋਵਾਂ ਜ਼ਖਮੀਆਂ ਨੂੰ ਜ਼ਿਲਾ ਮੁੱਖ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਉਹਨਾਂ ਕਿਹਾ ਕਿ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।