ਇਮਰਾਨ ਖਾਨ ਦੇ ਬਦਲੇ ਸੁਰ, ਕਿਹਾ- ਖੇਤਰੀ ਸ਼ਾਂਤੀ ਵਿਚ ਯਕੀਨ ਰੱਖਦਾ ਹੈ ਪਾਕਿਸਤਾਨ

12/08/2019 6:48:22 PM

ਇਸਲਾਮਾਬਾਦ- ਕਸ਼ਮੀਰ ਮਸਲੇ 'ਤੇ ਵਿਸ਼ਵ ਭਾਈਚਾਰੇ ਦੇ ਜਵਾਬ ਤੋਂ ਨਿਰਾਸ਼ ਇਮਰਾਨ ਖਾਨ ਦੇ ਸੁਰ ਬਦਲੇ ਹੋਏ ਨਜ਼ਰ ਆ ਰਹੇ ਹਨ। ਇਮਰਾਨ ਖਾਨ ਨੇ ਕਿਹਾ ਹੈ ਕਿ ਖੇਤਰੀ ਵਿਕਾਸ ਦੇ ਮਾਮਲੇ ਵਿਚ ਪਾਕਿਸਤਾਨ ਖੇਤਰੀ ਸਹਿਯੋਗ ਦੀ ਤਾਕਤ ਵਿਚ ਯਕੀਨ ਰੱਖਦਾ ਹੈ। ਇਮਰਾਨ ਖਾਨ ਨੇ ਐਤਵਾਰ ਨੂੰ 35ਵੇਂ ਸਾਰਕ ਐਲਾਨ-ਪੱਤਰ ਦਿਵਸ 'ਤੇ ਆਪਣੇ ਸੰਦੇਸ਼ ਵਿਚ ਇਹ ਗੱਲ ਕਹੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਇਮਰਾਨ ਨੇ ਪ੍ਰਮਾਣੂ ਜੰਗ ਦੀ ਧਮਕੀ ਦਿੱਤੀ ਸੀ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਨਤੀਜਾ ਦੇਣ ਵਾਲਾ ਖੇਤਰੀ ਸਹਿਯੋਗ ਸਾਰਕ ਦੇ ਐਲਾਨ-ਪੱਤਰ ਵਿਚ ਦਿੱਤੇ ਸਿਧਾਂਤਾ ਦੇ ਅਨੁਪਾਲਣ ਨਾਲ ਹੀ ਹਾਸਿਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ 8 ਦਸੰਬਰ ਹੀ ਉਹ ਦਿਨ ਹੈ ਜਦੋਂ ਨੇਤਾਵਾਂ ਨੇ ਦੁਰਦਰਸ਼ਤਾ ਦੇ ਨਾਲ ਸਾਰਕ ਐਲਾਨ-ਪੱਤਰ ਨੂੰ ਅਪਣਾਇਆ ਸੀ। ਨੇਤਾਵਾਂ ਨੇ ਦੱਖਣੀ ਏਸ਼ੀਆ ਦੇ ਵਿਕਾਸ ਤੇ ਖੁਸ਼ਹਾਲੀ ਦੇ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਵਿਅਕਤ ਕੀਤਾ ਸੀ।

ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਨੂੰ ਵੱਡੀ ਜ਼ਿੰਮੇਦਾਰੀ ਸੌਂਪੀ ਗਈ ਹੈ। ਸਾਡੇ ਤੋਂ ਉਮੀਦਾਂ ਹਨ ਕਿ ਅਸੀਂ ਗਰੀਬੀ, ਅਨਪੜ੍ਹਤਾ ਤੇ ਖੇਤਰੀ ਵਿਕਾਸ ਸਹਿਯੋਗ ਦੀ ਤਾਕਤ ਵਿਚ ਯਕੀਨ ਕਰਦੇ ਹਾਂ। ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਇਮਰਾਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਗੱਲਾਂ ਕਹੀਆਂ।

ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ਤੋਂ ਏਟਮੀ ਜੰਗ ਦੀ ਧਮਕੀ ਦਿੱਤੀ ਸੀ। ਇਮਰਾਨ ਨੇ ਉਦੋਂ ਕਿਹਾ ਸੀ ਕਿ ਜੇਕਰ ਭਾਰਤ ਤੇ ਪਾਕਿਸਤਾਨ ਪ੍ਰਮਾਣੂ ਜੰਗ ਵੱਲ ਵਧਦੇ ਹਨ ਤਾਂ ਸੰਯੁਕਤ ਰਾਸ਼ਟਰ ਇਸ ਦਾ ਜ਼ਿੰਮੇਦਾਰ ਹੋਵੇਗਾ। ਅਸਲ ਵਿਚ ਕਸ਼ਮੀਰ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨੀ ਹੁਕਮਰਾਨਾਂ ਵਿਚ ਭਾਰੀ ਬੌਖਲਾਹਟ ਦੇਖੀ ਗਈ ਸੀ। ਉਦੋਂ ਇਮਰਾਨ ਖਾਨ ਨੇ ਗਲੋਬਲ ਤਾਕਤਾਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲ ਸਕੀ ਸੀ।

ਦੱਸ ਦਈਏ ਕਿ ਹਰ ਸਾਲ 8 ਦਸੰਬਰ ਨੂੰ ਸਾਰਕ ਐਲਾਨ-ਪੱਤਰ ਦਿਵਸ ਮਨਾਇਆ ਜਾਂਦਾ ਹੈ। ਢਾਕਾ ਵਿਚ 8 ਦਸੰਬਰ 1985 ਨੂੰ ਸਾਰਕ ਦੇ ਪਹਿਲੇ ਸਿਖਰ ਸੰਮੇਲਨ ਵਿਚ ਦੱਖਣੀ ਏਸ਼ੀਆ ਦੇ ਸੱਤ ਦੇਸ਼ਾਂ (ਮਾਲਦੀਵ, ਭਾਰਤ, ਭੂਟਾਨ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਤੇ ਸ਼੍ਰੀਲੰਕਾ) ਨੇ ਇਸ ਦੀ ਸਥਾਪਨਾ ਨੂੰ ਲੈ ਕੇ ਇਕ ਐਲਾਨ-ਪੱਤਰ 'ਤੇ ਦਸਤਖਤ ਕੀਤੇ ਸਨ। ਅਫਗਾਨਿਸਤਾਨ ਸਾਲ 2007 ਵਿਚ ਸਾਰਕ ਦਾ 8ਵਾਂ ਮੈਂਬਰ ਬਣਿਆ ਸੀ। 


Baljit Singh

Content Editor

Related News