ਪਾਕਿਸਤਾਨੀ ਫ਼ੌਜ ਅੱਤਵਾਦੀ ਸੰਗਠਨ TTP ਨਾਲ ਕਰੇਗੀ ਸ਼ਾਂਤੀ ਵਾਰਤਾ
Monday, Jul 04, 2022 - 04:59 PM (IST)
ਇਸਲਾਮਾਬਾਦ : ਪਾਕਿਸਤਾਨ ਦੀ ਇਕ ਸੰਸਦੀ ਕਮੇਟੀ ਨੇ ਫ਼ੌਜੀ ਲੀਡਰਸ਼ਿਪ ਨੂੰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਸ਼ਾਂਤੀ ਵਾਰਤਾ ਕਰਨ ਲਈ ਅਧਿਕਾਰਤ ਕੀਤਾ ਹੈ। ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਫ਼ੌਜੀ ਲੀਡਰਸ਼ਿਪ ਗੱਲਬਾਤ ’ਚ ਹੋਣ ਵਾਲੀ ਕਿਸੇ ਤਰੱਕੀ ਦੀ ਜਾਣਕਾਰੀ ਕਮੇਟੀ ਨੂੰ ਦੇਵੇਗੀ ਅਤੇ ਇਸ ਵਿਸ਼ੇ ’ਤੇ ਸੰਸਦ ’ਚ ਚਰਚਾ ਕਰਵਾਈ ਜਾਵੇਗੀ। ਸਨਾਉੱਲ੍ਹਾ ਨੇ ਕਿਹਾ ਕਿ ਗੱਲਬਾਤ ਸਿਰਫ਼ ਪਾਕਿਸਤਾਨ ਦੇ ਸੰਵਿਧਾਨ ਦੇ ਤਹਿਤ ਹੀ ਹੋਵੇਗੀ। ‘ਡਾਨ’ ਅਖਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਕਿ ਕਿਸੇ ਵੀ ਸਮਝੌਤੇ ਨੂੰ ਸੰਵਿਧਾਨ ਤਹਿਤ ਕੀਤਾ ਜਾਵੇਗਾ। ਵਰਣਨਯੋਗ ਹੈ ਕਿ 22 ਜੂਨ ਨੂੰ ਪਾਕਿਸਤਾਨੀ ਫ਼ੌਜ ਨੇ ਸਿਆਸੀ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਸੀ ਕਿ ਟੀ. ਟੀ. ਪੀ. ਨਾਲ ਚੱਲ ਰਹੀ ਗੱਲਬਾਤ ’ਚ ਕੋਈ ਵੀ ਰਿਆਇਤ ਨਹੀਂ ਦਿੱਤੀ ਜਾਵੇਗੀ ਅਤੇ ਅੱਤਵਾਦੀ ਸੰਗਠਨ ਨਾਲ ਹੋਣ ਵਾਲੇ ਕਿਸੇ ਵੀ ਸਮਝੌਤੇ ਲਈ ਸੰਸਦ ਤੋਂ ਮਨਜ਼ੂਰੀ ਲਈ ਜਾਵੇਗੀ।
ਅਖਬਾਰ ਦੀ ਖ਼ਬਰ ਮੁਤਾਬਕ ਫ਼ੌਜੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਦਫਤਰ ’ਚ ਸਿਆਸੀ ਲੀਡਰਸ਼ਿਪ ਨਾਲ ਹੋਈ ਬੈਠਕ ’ਚ ਇਹ ਭਰੋਸਾ ਦਿੱਤਾ ਹੈ। ਟੀ.ਟੀ.ਪੀ. ਨਾਲ ਅਫ਼ਗਾਨ ਤਾਲਿਬਾਨ ਦੀ ਸਹਾਇਤਾ ਨਾਲ ਜਾਰੀ ਵਾਰਤਾ ਤੋਂ ਬਾਅਦ ਪਹਿਲੀ ਵਾਰ ਰਾਸ਼ਟਰੀ ਸਿਆਸੀ ਲੀਡਰਸ਼ਿਪ ਅਤੇ ਫ਼ੌਜੀ ਲੀਡਰਸ਼ਿਪ ਵਿਚਾਲੇ ਮੀਟਿੰਗ ਹੋਈ ਹੈ। ਇਹ ਬੈਠਕ ਸਰਕਾਰ ’ਚ ਸ਼ਾਮਲ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਿਰੋਧ ਤੋਂ ਬਾਅਦ ਆਯੋਜਿਤ ਕੀਤੀ ਗਈ ਹੈ, ਜਿਸ ਨੇ ਕਿਹਾ ਸੀ ਕਿ ਿੲਸ ਗੱਲਬਾਤ ਲਈ ਉਸ ਨੂੰ ਭਰੋਸੇ ’ਚ ਨਹੀਂ ਲਿਆ ਜਾ ਰਿਹਾ ਹੈ।