ਪਾਕਿਸਤਾਨੀ ਫ਼ੌਜ ਨੇ ਪਾਬੰਦੀਸ਼ੁਦਾ ਬਲੋਚ ਵੱਖਵਾਦੀ ਸਮੂਹ ਦੇ ਮੁਖੀ ਨੂੰ ਕੀਤਾ ਗ੍ਰਿਫ਼ਤਾਰ
Friday, Apr 07, 2023 - 03:57 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਫ਼ੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਇਕ ਸਫਲ ਖੁਫੀਆ ਮੁਹਿੰਮ ਦੇ ਹਿੱਸੇ ਵਜੋਂ ਇਕ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਦੇ ਸੰਸਥਾਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ਦੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇਕ ਬਿਆਨ 'ਚ ਕਿਹਾ ਕਿ ਗੁਲਜ਼ਾਰ ਇਮਾਮ ਉਰਫ ਸਾਂਬੇ ਨੂੰ ਸਾਵਧਾਨੀ ਨਾਲ ਯੋਜਨਾਬੱਧ ਕਾਰਵਾਈ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮੁਹਿੰਮ ਵੱਖ-ਵੱਖ ਭੂਗੋਲਿਕ ਥਾਵਾਂ 'ਤੇ ਮਹੀਨਿਆਂ ਤੱਕ ਚਲਾਈ ਗਈ ਸੀ।
ਸਰੋਤਾਂ ਨਾਲ ਭਰਪੂਰ ਬਲੋਚਿਸਤਾਨ ਸੂਬਾ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ, ਜੋ ਲੰਬੇ ਸਮੇਂ ਤੋਂ ਹਿੰਸਾ ਦਾ ਕੇਂਦਰ ਰਿਹਾ ਹੈ। ਬਲੋਚ ਵਿਦਰੋਹੀ ਸਮੂਹਾਂ ਵੱਲੋਂ ਪਹਿਲਾਂ ਵੀ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਪ੍ਰੋਜੈਕਟਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਜਾ ਚੁੱਕੇ ਹਨ। ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਸਾਂਬੇ ਇੱਕ "ਕੱਟੜ ਅੱਤਵਾਦੀ" ਸੀ ਅਤੇ ਨਾਲ ਹੀ ਪਾਬੰਦੀਸ਼ੁਦਾ ਬਲੋਚ ਨੈਸ਼ਨਲ ਆਰਮੀ ਦਾ ਸੰਸਥਾਪਕ ਅਤੇ ਨੇਤਾ ਵੀ ਸੀ। ਬਲੋਚ ਨੈਸ਼ਨਲ ਆਰਮੀ ਦਾ ਗਠਨ ਬਲੋਚ ਰਿਪਬਲਿਕਨ ਆਰਮੀ (ਬੀ.ਆਰ.ਏ.) ਅਤੇ ਯੂਨਾਈਟਿਡ ਬਲੋਚ ਆਰਮੀ (ਯੂ.ਬੀ.ਏ.) ਦੇ ਰਲੇਵੇਂ ਤੋਂ ਬਾਅਦ ਹੋਇਆ ਸੀ।