ਬੰਗਲਾਦੇਸ਼ ਦੀ ਸਾਬਕਾ PM ਖਾਲਿਦਾ ਜ਼ੀਆ ਦੇ ਦਿਹਾਂਤ ''ਤੇ ਪਾਕਿਸਤਾਨ ਅਤੇ ਚੀਨ ਨੇ ਜਤਾਇਆ ਦੁੱਖ
Tuesday, Dec 30, 2025 - 03:21 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦਾ ਮੰਗਲਵਾਰ ਨੂੰ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਸਿਆਸੀ ਵਿਰਾਸਤ ਅਤੇ ਦੇਸ਼ ਦੇ ਲੋਕਤੰਤਰੀ ਸਫ਼ਰ ਵਿੱਚ ਨਿਭਾਈ ਭੂਮਿਕਾ ਨੂੰ ਯਾਦ ਕੀਤਾ ਹੈ।
ਪਾਕਿਸਤਾਨ ਨੇ ਦੱਸਿਆ 'ਸਮਰਪਿਤ ਦੋਸਤ'
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਬੇਗਮ ਜ਼ੀਆ ਨੇ ਆਪਣੀ ਪੂਰੀ ਜ਼ਿੰਦਗੀ ਬੰਗਲਾਦੇਸ਼ ਦੀ ਸੇਵਾ ਵਿੱਚ ਲਗਾਈ ਅਤੇ ਇੱਕ ਅਮਿਟ ਪੈੜ ਛੱਡੀ ਹੈ। ਉਨ੍ਹਾਂ ਨੇ ਖਾਲਿਦਾ ਜ਼ੀਆ ਨੂੰ "ਪਾਕਿਸਤਾਨ ਦੀ ਇੱਕ ਸਮਰਪਿਤ ਦੋਸਤ" ਵਜੋਂ ਯਾਦ ਕੀਤਾ।
ਚੀਨ ਵੱਲੋਂ ਭਾਵਪੂਰਨ ਸ਼ਰਧਾਂਜਲੀ
ਚੀਨ ਨੇ ਵੀ ਖਾਲਿਦਾ ਜ਼ੀਆ ਦੇ ਦਿਹਾਂਤ 'ਤੇ ਅਫ਼ਸੋਸ ਜਤਾਇਆ ਹੈ। ਬੰਗਲਾਦੇਸ਼ ਵਿੱਚ ਚੀਨ ਦੇ ਰਾਜਦੂਤ ਯਾਓ ਵੇਨ ਨੇ BNP ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਨੂੰ ਭੇਜੇ ਸ਼ੋਕ ਪੱਤਰ ਵਿੱਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇਸ਼ ਦੀ ਆਜ਼ਾਦੀ ਦੀ ਦ੍ਰਿੜ ਸਮਰਥਕ ਅਤੇ ਸਿਆਸੀ ਇਤਿਹਾਸ ਦੀ ਇੱਕ ਪ੍ਰਮੁੱਖ ਹਸਤੀ ਸੀ। ਰਾਜਦੂਤ ਨੇ ਅੱਗੇ ਕਿਹਾ ਕਿ ਉਹ "ਚੀਨੀ ਲੋਕਾਂ ਦੀ ਪਿਆਰੀ ਦੋਸਤ ਵੀ" ਸੀ, ਜਿਨ੍ਹਾਂ ਦੇ ਯੋਗਦਾਨ ਨੇ ਚੀਨ-ਬੰਗਲਾਦੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਅਨੁਸਾਰ, ਜ਼ੀਆ ਬੰਗਲਾਦੇਸ਼ੀ ਲੋਕਾਂ ਦੀਆਂ ਲੋਕਤੰਤਰੀ ਇੱਛਾਵਾਂ ਦਾ ਪ੍ਰਤੀਕ ਸੀ, ਜਿਨ੍ਹਾਂ ਨੇ ਆਪਣੇ ਸਾਹਸ ਅਤੇ ਲੀਡਰਸ਼ਿਪ ਨਾਲ ਰਾਸ਼ਟਰ ਨੂੰ ਪ੍ਰੇਰਿਤ ਕੀਤਾ।
