ਨੂਰਾਨੀ ਦੀ ਰਿਪੋਰਟ ਨੇ ਪਾਕਿ ਦੀ ਖਰਾਬ ਸਾਖ਼ ਨੂੰ ਕੀਤਾ ਹੋਰ ਬਦਤਰ
Friday, Sep 04, 2020 - 06:39 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਭ੍ਰਿਸ਼ਟਾਚਾਰ ਦੇ ਕਾਰਨ ਪਹਿਲਾਂ ਤੋਂ ਚੱਲੀ ਆ ਰਹੀ ਖਰਾਬ ਸਾਕ ਨੂੰ ਅਹਿਮਦ ਨੂਰਾਨੀ ਦੀ ਇਕ ਖੋਜੀ ਰਿਪੋਰਟ ਦੇ ਪ੍ਰਕਾਸ਼ਨ ਨੇ ਹੋਰ ਵੀ ਬਦਤਰ ਕਰ ਦਿੱਤਾ। ਰਿਪੋਰਟ ਤੋਂ ਪਤਾ ਚੱਲਿਆ ਕਿ ਲੈਫਟੀਨੈਂਟ ਜਨਰਲ (ਆਰ) ਅਸੀਮ ਸਲੀਮ ਬਾਜਵਾ ਅਤੇ ਉਸ ਦੇ ਪਰਿਵਾਰ ਨੇ ਭ੍ਰਿਸ਼ਟ ਤਰੀਕੇ ਨਾਲ ਅਰਬਾਂ ਦੀ ਜਾਇਦਾਦ ਇਕੱਠੀ ਕੀਤੀ ਹੈ।
ਅਹਿਮਦ ਨੂਰਾਨੀ ਦੀ ਰਿਪੋਰਟ ਦੇ ਮੁਤਾਬਕ, ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸਿਰਫ ਜਨਰਲ ਬਾਜਵਾ ਹੀ ਸ਼ਾਮਲ ਨਹੀਂ ਹਨ ਸਗੋਂ ਇਸ ਵਿਚ ਉਹਨਾਂ ਦੇ ਭਰਾ, ਪਤਨੀ ਅਤੇ ਦੋ ਬੇਟੇ ਵੀ ਸ਼ਾਮਲ ਹਨ। ਪਾਕਿਸਤਾਨੀ ਫੌਜ ਅਤੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਪ੍ਰਧਾਨ ਅਹੁਦੇ 'ਤੇ ਰਹਿੰਦਿਆਂ ਜਨਰਲ ਬਾਜਵਾ 'ਤੇ ਅਰਬਾਂ ਰੁਪਈਆਂ ਦੀ ਦੌਲਤ ਬਣਾਉਣ ਦਾ ਦੋਸ਼ ਲੱਗਾ ਹੈ। ਜਨਰਲ ਬਾਜਵਾ 'ਤੇ ਚਾਰ ਦੇਸ਼ਾਂ ਵਿਚ 99 ਕੰਪਨੀਆਂ ਅਤੇ 133 ਪਾਪਾ ਜੌਨ ਪਿੱਜ਼ਾ ਦੇ ਰੈਸਟੋਰੈਂਟ ਬਣਾਉਣ ਦਾ ਦੋਸ਼ ਹੈ। ਇਹ ਵੀ ਖੁਲਾਸਾ ਹੋਇਆ ਹੈਕਿ ਪਿੱਜ਼ਾ ਡਿਲਿਵਰੀ ਬੁਆਏ ਰਿਹਾ ਉਹਨਾਂ ਦਾ ਭਰਾ ਹੁਣ ਕਈ ਕੰਪਨੀਆਂ ਦਾ ਮਾਲਕ ਬਣ ਚੁੱਕਾ ਹੈ। ਇੰਨਾ ਹੀ ਨਹੀ ਅਮਰੀਕਾ ਵਿਚ ਵੀ ਕਈ ਕਰੋੜ ਡਾਲਰ ਦੀ ਜਾਇਦਾਦ ਖਰੀਦਣ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।
ਰਿਪੋਰਟ ਮੁਤਾਬਕ, ਬਾਜਵਾ ਦੀ ਪਤਨੀ ਦੇ ਕੋਲ ਮੌਜੂਦਾ ਜਾਇਦਾਦ ਦੀ ਕੀਮਤ ਪੰਜ ਕਰੋੜ ਡਾਲਰ ਤੋਂ ਵੱਧ ਹੈ। ਇਸ ਦੇ ਮੁਤਾਬਕ ਉਹਨਾਂ ਦੀ ਪਤਨੀ ਸ਼ੁਰੂਆਤ ਤੋ ਹੀ ਉਹਨਾਂ ਦੀਆਂ ਕੰਪਨੀਆਂ ਵਿਚ ਇਕ ਸ਼ੇਅਰ ਹੋਲਡਰ ਦੇ ਰੂਪ ਵਿਚ ਰਹੀ ਹੈ। ਵਰਤਮਾਨ ਵਿਚ ਉਹ 85 ਕੰਪਨੀਆਂ ਵਿਚ ਸ਼ੇਅਰ ਹੋਲਡਰ ਹੈ, ਜਿਹਨਾਂ ਵਿਚੋਂ 82 ਵਿਦੇਸ਼ੀ ਕੰਪਨੀਆਂ ਹਨ। ਬਾਜਕੋ ਗਰੁੱਪ ਦੀਆਂ ਕੰਪਨੀਆਂ ਵਿਚੋਂ ਅਮਰੀਕਾ ਵਿਚ 71, ਯੂ.ਏ.ਈ. ਵਿਚ ਸੱਤ ਅਤੇ ਕੈਨੇਡਾ ਵਿਚ ਚਾਰ ਕੰਪਨੀਆਂ ਹਨ।ਰਿਪੋਰਟ ਦੇ ਮੁਤਾਬਕ, ਬਾਜਵਾ ਪਰਿਵਾਰ ਨੇ ਉਹਨਾਂ ਦੇ ਜਨਰਲ ਰਹਿੰਦੇ ਹੋਏ 52.2 ਮਿਲੀਅਨ ਡਾਲਰ ਆਪਣੇ ਕਾਰੋਬਾਰ ਨੂੰ ਵਿਕਸਿਤ ਕਰਨ ਵਿਚ ਖਰਚ ਕੀਤਾ ਸੀ। ਨਾਲ ਹੀ ਅਮਰੀਕਾ ਵਿਚ 14.5 ਮਿਲੀਅਨ ਡਾਲਰ ਦੀ ਜਾਇਦਾਦ ਖਰੀਦੀ ਸੀ। ਆਪਣੀ ਇਸ ਰਿਪੋਰਟ ਵਿਚ ਪੱਤਰਕਾਰ ਅਹਿਮਦ ਨੇ ਤੱਥਾਂ ਦੇ ਨਾਲ ਪਾਕਿਸਤਾਨੀ ਫੌਜ ਦੇ ਸਾਬਕਾ ਜਨਰਲ ਅਸੀਮ ਸਲੀਮ ਬਾਜਵਾ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ।
ਰਿਪੋਰਟ ਮੁਤਾਬਕ, ਅਸੀਮ ਬਾਜਵਾ ਅਤੇ ਉਹਨਾਂ ਦੇ ਪਰਿਵਾਰ ਦਾ ਆਰਥਿਕ ਸਾਮਰਾਜ ਹੁਣ ਚਾਰ ਦੇਸ਼ਾਂ ਤੱਕ ਫੈਲ ਚੁੱਕਾ ਹੈ। ਇਸ ਰਿਪੋਰਟ ਨਾਲ ਹੁਣ ਆਮ ਜਨਤਾ ਦੀ ਨਜ਼ਰ ਵਿਚ ਆਰਮੀ ਦੀ ਭਰੋਸੇਯੋਗਤਾ ਗੁੰਮ ਗਈ ਹੈ। ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਕਰਨ ਵਾਲੇ ਪੱਤਰਕਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉੱਧਰ ਬਾਜਵਾ ਨੇ ਐਲਾਨ ਕੀਤਾ ਕਿ ਉਹ ਪੀ.ਐੱਮ. ਇਮਰਾਨ ਖਾਨ ਦੇ ਵਿਸ਼ੇਸ਼ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਭਾਵੇਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਚੇਅਰਮੈਨ ਦੇ ਤੌਰ 'ਤੇ ਕੰਮ ਕਰਦੇ ਰਹਿਣਗੇ।
ਗੌਰਤਲਬ ਹੈ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇਮਰਾਨ ਖਾਨ ਦਾ ਵਿਸ਼ੇਸ਼ ਸਹਾਇਕ ਬਣਨ ਦੇ ਬਾਅਦ ਆਸਿਮ ਬਾਜਵਾ ਨੇ ਆਪਣੀ ਜਾਇਦਾਦ ਦੀ ਘੋਸ਼ਣਾ ਕੀਤੀ ਤਾਂ ਉਸ ਵਿਚ ਆਪਣੇ ਅਤੇ ਪਤਨੀ ਦੇ ਨਾਮ 'ਤੇ ਕਰੀਬ 18,500 ਡਾਲਰ ਦਾ ਨਿਵੇਸ਼ ਘੋਸ਼ਿਤ ਕੀਤਾ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਬਾਹਰ ਉਹਨਾਂ ਦੀ ਕੋਈ ਜਾਇਦਾਦ ਨਹੀਂ ਹੈ। ਉਹਨਾਂ ਦੀ ਜਾਇਦਾਦ 'ਤੇ ਅਹਿਮਦ ਨੂਰਾਨੀ ਦੀ ਰਿਪੋਰਟ ਦੇ ਬਾਅਦ ਪਾਕਿਸਤਾਨੀ ਰਾਜਨੀਤੀ ਵਿਚ ਹਲਚਲ ਤੇਜ਼ ਹੋ ਗਈ ਹੈ।