ਪਾਕਿ ’ਚ ਅਹਿਮਦੀਆ ਭਾਈਚਾਰੇ ਦੀਆਂ 100 ਕਬਰਾਂ ਨੂੰ ਤੋੜਿਆ
Friday, May 16, 2025 - 12:39 AM (IST)

ਲਾਹੌਰ, (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ’ਚ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੀਆਂ ਲੱਗਭਗ 100 ਕਬਰਾਂ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤਾਜ਼ਾ ਘਟਨਾ ਦੇ ਨਾਲ ਹੀ ਇਸ ਸਾਲ ਦੇਸ਼ ਭਰ ’ਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੀਆਂ ਤੋੜੀਆਂ ਗਈਆਂ ਕਬਰਾਂ ਦੀ ਗਿਣਤੀ 250 ਤੋਂ ਵੱਧ ਹੋ ਗਈ ਹੈ।
ਜਮਾਤ-ਏ-ਅਹਿਮਦੀਆ ਪਾਕਿਸਤਾਨ ਦੇ ਬੁਲਾਰੇ ਆਮਿਰ ਮਹਿਮੂਦ ਨੇ ਕਿਹਾ ਕਿ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ’ਤੇ 2 ਦਿਨ ਪਹਿਲਾਂ ਲਾਹੌਰ ਤੋਂ ਲੱਗਭਗ 250 ਕਿਲੋਮੀਟਰ ਦੂਰ ਖੁਸ਼ਾਬ ਜ਼ਿਲੇ ’ਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੀਆਂ ਕਬਰਾਂ ਦੇ ਪੱਥਰ ਤੋੜਨ ਦਾ ਸ਼ੱਕ ਹੈ। ਖੁਸ਼ਾਬ ਜ਼ਿਲੇ ਦੇ ਮਿੱਠਾ ਤੁਵਾਨਾ ਪੁਲਸ ਸਟੇਸ਼ਨ ਨੇ ਸਥਾਨਕ ਅਹਿਮਦੀਆ ਭਾਈਚਾਰੇ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।