ਪਾਕਿ ਏਜੰਸੀ ਨੇ PM ਸ਼ਾਹਬਾਜ਼ ਸ਼ਰੀਫ ਤੇ ਪੁੱਤਰ ਹਮਜ਼ਾ ਨੂੰ ਮਨੀ ਲਾਂਡਰਿੰਗ ਮਾਮਲੇ ''ਚ ਦੱਸਿਆ ਬੇਕਸੂਰ

Wednesday, May 10, 2023 - 05:42 PM (IST)

ਪਾਕਿ ਏਜੰਸੀ ਨੇ PM ਸ਼ਾਹਬਾਜ਼ ਸ਼ਰੀਫ ਤੇ ਪੁੱਤਰ ਹਮਜ਼ਾ ਨੂੰ ਮਨੀ ਲਾਂਡਰਿੰਗ ਮਾਮਲੇ ''ਚ ਦੱਸਿਆ ਬੇਕਸੂਰ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਨੂੰ ਵੱਡੀ ਰਾਹਤ ਦਿੰਦਿਆਂ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਮਨੀ ਲਾਂਡਰਿੰਗ ਮਾਮਲੇ ਦੀ ਮੁੜ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਬੇਕਸੂਰ ਕਰਾਰ ਦਿੱਤਾ ਹੈ। ਬੁੱਧਵਾਰ ਨੂੰ ਇਕ ਖ਼ਬਰ 'ਚ ਇਹ ਦਾਅਵਾ ਕੀਤਾ ਗਿਆ। ਭ੍ਰਿਸ਼ਟਾਚਾਰ ਰੋਕੂ ਏਜੰਸੀ ਐੱਨ.ਏ.ਬੀ. ਨੇ 2020 ਵਿੱਚ ਕੇਸ ਦਰਜ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਨੀ ਲਾਂਡਰਿੰਗ ਵਿਚ ਅਤੇ ਜਾਅਲੀ ਖਾਤਿਆਂ ਰਾਹੀਂ ਫੰਡਾਂ ਦੇ ਗੈਰ-ਕਾਨੂੰਨੀ ਟ੍ਰਾਂਸਫਰ ਵਿੱਚ ਸ਼ਾਮਲ ਸਨ।

ਸਮਾ ਟੀਵੀ ਨੇ ਆਪਣੀ ਵੈੱਬਸਾਈਟ 'ਤੇ ਖ਼ਬਰ ਜਾਰੀ ਕੀਤੀ ਹੈ ਕਿ ਜਵਾਬਦੇਹੀ ਅਦਾਲਤ ਦੇ ਜੱਜ ਕਮਰ-ਉਲ-ਜ਼ਮਾਨ ਵੱਲੋਂ ਸੁਣਵਾਈ ਦੌਰਾਨ ਸਪਲੀਮੈਂਟਰੀ ਰਿਪੋਰਟ ਪੇਸ਼ ਕੀਤੀ ਗਈ ਹੈ। ਹਮਜ਼ਾ ਸ਼ਾਹਬਾਜ਼ ਨੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਪਟੀਸ਼ਨ ਦਾਇਰ ਕਰ ਮੈਡੀਕਲ ਆਧਾਰ 'ਤੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ। ਸੋਮਵਾਰ ਨੂੰ ਦਾਇਰ ਕੀਤੀ ਸਪਲੀਮੈਂਟਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 71 ਸਾਲਾ ਪ੍ਰਧਾਨ ਮੰਤਰੀ, ਉਨ੍ਹਾਂ ਦੀ ਪਤਨੀ ਨੁਸਰਤ ਸ਼ਾਹਬਾਜ਼, ਪੁੱਤਰ ਹਮਜ਼ਾ ਸ਼ਾਹਬਾਜ਼ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਮੁੜ ਜਾਂਚ ਤੋਂ ਬਾਅਦ ਮਾਮਲੇ ਵਿੱਚ ਕੋਈ ਸ਼ਮੂਲੀਅਤ ਨਹੀਂ ਪਾਈ ਗਈ। ਐੱਨ.ਏ.ਬੀ. ਦੇ ਇੱਕ ਅਧਿਕਾਰੀ ਮੁਤਾਬਕ NAB ਸੋਧ ਕਾਨੂੰਨ ਤਹਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ। ਹਾਲਾਂਕਿ, ਅਦਾਲਤ ਨੇ ਮਾਮਲੇ ਦੀ ਸੁਣਵਾਈ 24 ਮਈ ਤੱਕ ਮੁਲਤਵੀ ਕਰ ਦਿੱਤੀ ਅਤੇ ਪ੍ਰਧਾਨ ਮੰਤਰੀ ਦੇ ਜਵਾਈ ਹਾਰੂਨ ਯੂਸਫ ਅਜ਼ੀਜ਼ ਅਤੇ ਸਹਿ ਦੋਸ਼ੀ ਸਈਦ ਮੁਹੰਮਦ ਤਾਹਿਰ ਨਕਵੀ ਦੀ ਅੰਤਰਿਮ ਜ਼ਮਾਨਤ 24 ਮਈ ਤੱਕ ਵਧਾ ਦਿੱਤੀ।


author

cherry

Content Editor

Related News