ਪਾਕਿ 'ਚ ਪਲਣ ਵਾਲੇ ਅੱਤਵਾਦੀ ਸੰਗਠਨਾਂ ’ਚ ਖੌਫ਼, 7 ਮਹੀਨਿਆਂ 'ਚ 7 ਅੱਤਵਾਦੀ ਹੋਏ ਢੇਰ
Thursday, Nov 16, 2023 - 06:30 PM (IST)
ਚੰਡੀਗੜ੍ਹ (ਵਿਸ਼ੇਸ਼)– ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਮੁਖੀ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਸਹਿਯੋਗੀ ਮੌਲਾਨਾ ਰਹੀਮ ਉੱਲਾਹ ਤਾਰਿਕ ਦੀ ਹੱਤਿਆ ਨੇ ਅੱਤਵਾਦੀਆਂ ’ਚ ਡਰ ਵਧਾ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀਆਂ ਨੇ ਹੁਣ ਮੌਤ ਦੇ ਡਰ ਕਾਰਨ ਆਪਣੀ ਸੁਰੱਖਿਆ ਵਧਾ ਦਿੱਤੀ ਹੈ। 7 ਮਹੀਨਿਆਂ ’ਚ 7 ਵੱਡੇ ਅੱਤਵਾਦੀਆਂ ਦੀ ਭੇਤਭਰੀ ਹੱਤਿਆ ਨੇ ਸਾਰਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਪਾਕਿਸਤਾਨੀ ਸੈਨਾ, ਆਈ.ਐੱਸ.ਆਈ. ਅਤੇ ਅੱਤਵਾਦੀ ਸੰਗਠਨਾਂ ’ਚ ਡਰ ਹੈ। ਉਨ੍ਹਾਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਤਾਰਿਕ ਦੀ ਹੱਤਿਆ ਤੋਂ ਬਾਅਦ ਅਗਲਾ ਨੰਬਰ ਉਨ੍ਹਾਂ ਦਾ ਤਾਂ ਨਹੀਂ ਹੋਵੇਗਾ?
ਪਾਕਿਸਤਾਨ ਹੈ ਅੱਤਵਾਦੀਆਂ ਲਈ ਸੁਰੱਖਿਅਤ ਟਿਕਾਣਾ
ਅੱਤਵਾਦੀ ਪਾਕਿਸਤਾਨ ਨੂੰ ਆਪਣਾ ਸਭ ਤੋਂ ਸੁਰੱਖਿਅਤ ਟਿਕਾਣਾ ਮੰਨਦੇ ਹਨ। ਅੱਤਵਾਦੀ ਆਪਣੀ ਹਿੰਸਕ ਸਰਗਰਮੀਆਂ ਨੂੰ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਮਦਦ ਨਾਲ ਅੰਜਾਮ ਦਿੰਦੇ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਇਸੇ ਕਾਰਨ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਰਹੀਮ ਉੱਲਾਹ ਤਾਰਿਕ ਪਾਕਿਸਤਾਨ ਤੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਸੀ। ਭਾਰਤ ਵਿਰੋਧੀ ਸਰਗਰਮੀਆਂ ਅਤੇ ਨਫ਼ਰਤ ਭਰੇ ਭਾਸ਼ਣਾਂ ਲਈ ਤਾਰਿਕ ਪਾਕਿਸਤਾਨ ਦੇ ਗਰੀਬ ਇਲਾਕਿਆਂ ਦੀ ਯਾਤਰਾ ਕਰਦਾ ਸੀ। ਐਤਵਾਰ ਨੂੰ ਵੀ ਤਾਰਿਕ ਭਾਰਤ ਵਿਰੋਧੀ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਕਰਾਚੀ ਦੀ ਇਕ ਵੱਡੀ ਝੁੱਗੀ ਬਸਤੀ ਔਰੰਗੀ ਟਾਊਨਸ਼ਿਪ ’ਚ ੇਜਾ ਰਿਹਾ ਸੀ। ਇਸੇ ਦੌਰਾਨ ਦੋ ਅਣਪਛਾਤੇ ਹਮਲਾਵਰਾਂ ਨੇ ਤਾਰਿਕ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਹਾਲਾਂਕਿ ਇਸ ਘਟਨਾ ਲਈ ਜੈਸ਼-ਏ-ਮੁਹੰਮਦ ਦਾ ਅੰਦਰੂਨੀ ਕਲੇਸ਼ ਵੀ ਇਕ ਕਾਰਨ ਮੰਨਿਆ ਜਾ ਰਿਹਾ ਹੈ।
ਪਾਕਿ ਨੇ ਕਿਹਾ - ਹੱਤਿਆਵਾਂ ਪਿੱਛੇ ਭਾਰਤ
ਅੱਤਵਾਦੀ ਤਾਰਿਕ ਦੀ ਹੱਤਿਆ ਲਈ ਪਾਕਿਸਤਾਨ ਬਿਨਾਂ ਕਿਸੇ ਸਬੂਤ ਦੇ ਭਾਰਤ ’ਤੇ ਦੋਸ਼ ਲਗਾ ਰਿਹਾ ਹੈ, ਪਾਕਿਸਤਾਨੀ ਅਖਬਾਰ ਡਾਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਰਿਕ ਦੀ ਮੌਤ ਲਈ ਭਾਰਤ ਜ਼ਿੰਮੇਵਾਰ ਹੈ। ਪਾਕਿਸਤਾਨ ਸਰਕਾਰ ਅਤੇ ਉਸ ਦੀਆਂ ਸੁਰੱਖਿਆ ਏਜੰਸੀਆਂ ਨੇ ਬੇਸ਼ੱਕ ਬਿਨਾਂ ਕਿਸੇ ਸਬੂਤ ਦੇ ਭਾਰਤ ’ਤੇ ਦੋਸ਼ ਲਗਾਇਆ ਸੀ ਪਰ ਉਹ ਮੰਨਣ ਵਿਚ ਵੀ ਅਸਫਲ ਰਿਹਾ ਹੈ ਕਿ ਪਾਕਿਸਤਾਨ ਆਪਣੇ ਗਠਨ ਦੇ ਬਾਅਦ ਤੋਂ ਅੱਤਵਾਦੀਆਂ ਦੀ ਹਮਾਇਤ ਕਰ ਕੇ ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਭਾਰਤੀ ਮਿਸ਼ਨ, ਰੁਟੀਨ ਕੰਮਾਂ 'ਚ ਵਿਘਨ ਪਾਉਣ ਦੀ ਧਮਕੀ
ਇਕ ਤੋਂ ਬਾਅਦ ਇਕ ਭਾਰਤ ਦੇ ਦੁਸ਼ਮਣਾਂ ਦਾ ਕੰਮ ਤਮਾਮ
6 ਮਈ 2023 : ਪਰਮਜੀਤ ਸਿੰਘ ਪੰਜਵੜ
ਖਾਲਿਸਤਾਨ ਕਮਾਂਡੋ ਫੋਰਸ (ਕੇ.ਸੀ.ਐੱਫ਼.) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੂੰ ਅਣਪਛਾਤੇ ਹਮਲਾਵਰਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਪਾਕਿਸਤਾਨ ਦੇ ਲਾਹੌਰ ਵਿਚ ਸੈਰ ਲਈ ਨਿਕਲਿਆ ਸੀ। ਜਦ ਕਿ ਪੰਜਵੜ ਨੂੰ ਪਾਕਿ ਸਰਕਾਰ ਵੱਲੋਂ ਦੋ ਬਾਡੀਗਾਰਡ ਵੀ ਦਿੱਤੇ ਗਏ ਸਨ। ਇਕ ਬਾਡੀਗਾਰਡ ਹਮਲਾਵਰ ਨੂੰ ਮਾਰਨ ’ਚ ਸਫਲ ਰਿਹਾ ਸੀ, ਜਦ ਕਿ ਦੂਜਾ ਹਮਲਾਵਰ ਗੋਲੀਬਾਰੀ ’ਚ ਜ਼ਖਮੀ ਹੋ ਗਿਆ ਸੀ।
12 ਸਤੰਬਰ 2023: ਮੌਲਾਨਾ ਜ਼ਿਯਾ-ਉਰ ਰਹਿਮਾਨ
ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਜ਼ਿਯਾ-ਉਰ-ਰਹਿਮਾਨ ਵੀ ਪੰਜਵੜ ਵਾਂਗ ਹੀ ਮਾਰਿਆ ਗਿਆ ਸੀ। ਰਹਿਮਾਨ ਜਦੋਂ ਕਰਾਚੀ ਦੇ ਗੁਲਿਸਤਾਨ-ਏ-ਜੌਹਰ ਦੇ ਇਕ ਪਾਰਕ ’ਚ ਸੈਰ ਕਰਨ ਗਿਆ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਆ ਕੇ ਉਸ ਦੇ ਸਰੀਰ ’ਤੇ ਕਈ ਰਾਊਂਡ ਫਾਇਰ ਕੀਤੇ। ਬਾਅਦ ਵਿਚ ਪਾਕਿਸਤਾਨੀ ਏਜੰਸੀਆਂ ਉਸ ਨੂੰ ਇਕ ਧਾਰਮਿਕ ਮੌਲਵੀ ਵਜੋਂ ਦਰਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ।
30 ਸਤੰਬਰ 2023 : ਮੁਫਤੀ ਕੈਸਰ ਫਾਰੂਕ
ਲਸ਼ਕਰ ਮੁਖੀ ਹਾਫਿਜ਼ ਸਈਦ ਦੇ ਕਰੀਬੀ ਅਤੇ ਭਾਰਤ ਦੇ ਇੱਕ ਹੋਰ ਦੁਸ਼ਮਣ ਮੁਫ਼ਤੀ ਕੈਸਰ ਫਾਰੂਕ ਨੂੰ ਪਾਕਿਸਤਾਨ ਦੇ ਕਰਾਚੀ ਵਿਚ ਗੋਲੀ ਮਾਰ ਦਿੱਤੀ ਗਈ ਸੀ। ਕੈਸਰ ਫਾਰੂਕ ਲਸ਼ਕਰ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸੀ। ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। 30 ਸਾਲਾ ਕੈਸਰ ਫਾਰੂਕ ਕਰਾਚੀ ਦੇ ਸਮਾਨਾਬਾਦ ਇਲਾਕੇ ’ਚ ਜਾਮਿਆ ਮਸਜਿਦ ਅਬੂਬਕਰ ਦਾ ਮੁਫਤੀ ਸੀ।
10 ਅਕਤੂਬਰ 2023 : ਸ਼ਾਹਿਦ ਲਤੀਫ਼
ਪਠਾਨਕੋਟ ਵਿਚ ਭਾਰਤੀ ਹਵਾਈ ਫੌਜ ਦੇ ਅੱਡੇ ’ਤੇ 2016 ਵਿਚ ਹੋਏ ਹਮਲੇ ਦੇ ਮਾਸਟਰ ਮਾਈਂਡ ਜੈਸ਼-ਏ-ਮੁਹੰਮਦ ਅੱਤਵਾਦੀ ਸ਼ਾਹਿਦ ਲਤੀਫ ਦੀ ਪਾਕਿਸਤਾਨ ਦੇ ਸਿਆਲਕੋਟ ਦੇ ਦਸਕਾ ਸ਼ਹਿਰ ਦੀ ਇਕ ਮਸਜਿਦ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। 3 ਬੰਦੂਕਧਾਰੀ ਨਕਾਬਪੋਸ਼ਾਂ ਨੇ ਅੱਤਵਾਦੀ ਨੂੰ ਉਸ ਦੇ ਅੰਗ ਰੱਖਿਅਕਾਂ ਦੀ ਮੌਜੂਦਗੀ ’ਚ ਗੋਲੀ ਮਾਰ ਦਿੱਤੀ ਸੀ।
7 ਨਵੰਬਰ 2023 : ਖਵਾਜ਼ਾ ਸ਼ਾਹਿਦ
ਖਵਾਜ਼ਾ ਸ਼ਾਹਿਦ ਦਾ ਬੇਜਾਨ ਅਤੇ ਸਿਰ ਵੱਢਿਆ ਸ਼ਰੀਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਮਿਲਿਆ ਸੀ। ਉਹ ਜੰਮੂ ਅਤੇ ਕਸ਼ਮੀਰ ਦੇ ਸੁੰਜੁਵਾਨ ’ਚ ਭਾਰਤੀ ਫੌਜੀ ਕੈਂਪ ’ਤੇ 2018 ਦੇ ਅੱਤਵਾਦੀ ਹਮਲੇ ਦੇ ਮਾਸਟਰਮਾਈਂਡਾਂ ਵਿਚੋਂ ਇਕ ਸੀ, ਜਿਸ ਵਿਚ 5 ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾਂ ਲਸ਼ਕਰ-ਏ-ਤੈਇਬਾ ਦੇ ਅੱਤਵਾਦੀ ਨੂੰ ਤਸੀਹੇ ਵੀ ਦਿੱਤੇ ਗਏ ਸਨ।
10 ਨਵੰਬਰ 2023 : ਅਕਰਮ ਗਾਜ਼ੀ
ਲਸ਼ਕਰ ਦੇ ਕਮਾਂਡਰ ਅਕਰਮ ਖਾਨ ਗਾਜ਼ੀ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਪਾਕਿਸਤਾਨੀ ਕਾਨੂੰਨ ਵਿਭਾਗ ਨੇ ਵੀ ਇਸ ਮੌਤ ’ਤੇ ਵੀ ਭਾਰਤ ਵੱਲ ਉਂਗਲ ਉਠਾਈ ਸੀ। ਜਦ ਕਿ ਪਾਕਿਸਤਾਨੀ ਸਮਾਚਾਰ ਮੀਡੀਆ ਆਉਟਲੈੱਟਸ ਦਾ ਕਹਿਣਾ ਹੈ ਕਿ ਅੱਤਵਾਦੀ ਸਮੂਹ ਦੇ ਗੁਟਾਂ ਦੇ ਅੰਦਰੂਨੀ ਕਲੇਸ਼ ਕਾਰਨ ਉਨ੍ਹਾਂ ਦੀ ਹੱਤਿਆ ਹੋਈ ਸੀ।
12 ਨਵੰਬਰ 2023 : ਰਹੀਮ ਉੱਲ੍ਹਾਹ ਤਾਰਿਕ
ਕਰਾਚੀ ’ਚ ਅਣਪਛਾਤੇ ਹਮਲਾਵਰਾਂ ਨੇ ਜੈਸ਼ ਮੁਖੀ ਮਸੂਦ ਅਜ਼ਹਰ ਦੇ ਕਰੀਬੀ ਰਹੀਮ ਉੱਲਾਹ ਤਾਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਤਾਰਿਕ ਭਾਰਤ ਵਿਰੋਧੀ ਇਕ ਧਾਰਮਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਜਾ ਰਿਹਾ ਸੀ। ਉਦੋਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਮੌਲਾਨਾ ਤਾਰਿਕ ਅਕਸਰ ਭਾਰਤ ਵਿਰੋਧੀ ਜਲਸਿਆਂ ’ਚ ਭਾਰਤ ਖਿਲਾਫ ਜ਼ੋਰਦਾਰ ਤਕਰੀਰਾਂ ਕਰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।