ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ 7 ਇਨਫੈਕਟਡ

03/09/2020 10:00:22 AM

ਇਸਲਾਮਾਬਾਦ— ਵਿਸ਼ਵ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਤੋਂ ਪਾਕਿਸਤਾਨ ਵੀ ਬਚਿਆ ਨਹੀਂ ਰਿਹਾ ਹੈ। ਪਾਕਿਸਤਾਨ ਦੇ ਸਿਹਤ ਮੰਤਰੀ ਜਫਰ ਮਿਰਜਾ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ 'ਚ ਹੁਣ ਤਕ ਕੋਰੋਨਾ ਵਾਇਰਸ ਦੇ 7 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਮਿਰਜ਼ਾ ਨੇ ਟਵੀਟ ਕਰਕੇ ਕਿਹਾ ਕਿ ਕਰਾਚੀ ਦੇ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ। ਲੋਕਾਂ ਨੂੰ ਸਾਰੇ ਤਰ੍ਹਾਂ ਦੇ ਸੰਪਰਕ ਨੂੰ ਰੋਕਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ 'ਚ ਕੋਰੋਨਾ ਵਾਇਰਸ ਦਾ ਇਹ 7ਵਾਂ ਮਾਮਲਾ ਹੈ। ਇਕ ਮਰੀਜ਼ ਦੇ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣ ਦੇ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜੇਕਰ ਸਾਰੇ ਨਾਗਰਿਕ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ ਤਾਂ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਜਾਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੇ ਹੁਣ ਤਕ 1,05,580 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 3800 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਕਾਰ ਤਕਰੀਬਨ 60,600 ਲੋਕ ਇਸ ਬੀਮਾਰੀ ਨਾਲ ਠੀਕ ਹੋ ਚੁੱਕੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਹੀ ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ ਘੱਟ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਪਰ ਇਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਸੰਘਰਸ਼ਸ਼ੀਲ ਅਰਥ ਵਿਵਸਥਾ ਲਈ ਇਕ ਵੱਡਾ ਝਟਕਾ ਹੋ ਸਕਦਾ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ ਮੁਤਾਬਕ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ 16 ਤੋਂ 61 ਮਿਲੀਅਨ ਡਾਲਰ ਤਕ ਦਾ ਨੁਕਸਾਨ ਹੋ ਸਕਦਾ ਹੈ। ਸਭ ਤੋਂ ਖਰਾਬ ਸਥਿਤੀ ਹੋਣ 'ਤੇ 5 ਬਿਲੀਅਨ ਡਾਲਰ ਤਕ ਦਾ ਨੁਕਸਾਨ ਪਾਕਿਸਤਾਨ ਨੂੰ ਹੋ ਸਕਦਾ ਹੈ।


Related News