ਪਾਕਿਸਤਾਨ ''ਚ 2 ਕੋਲਾ ਖਾਨਾਂ ਧੱਸੀਆਂ, 23 ਕਰਮਚਾਰੀਆਂ ਦੀ ਮੌਤ
Sunday, May 06, 2018 - 05:07 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ ਗੈਸ ਧਮਾਕੇ ਤੋਂ ਬਾਅਦ ਕੋਲੇ ਦੀਆਂ ਦੋ ਖਾਨਾਂ ਧੱਸਣ ਨਾਲ 23 ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਸੂਬਾਈ ਰਾਜਧਾਨੀ ਕਵੇਟਾ ਨੇੜੇ ਮਾਰਵਾੜ ਵਿਚ ਗੈਸ ਧਮਾਕੇ ਦੇ ਚੱਲਦੇ ਕੱਲ ਪਹਿਲਾ ਹਾਦਸਾ ਹੋਇਆ। ਕਵੇਟਾ ਦੇ ਡਿਪਟੀ ਕਮਿਸ਼ਨਰ ਫਾਰੂਕ ਅਤੀਕ ਨੇ ਦੱਸਿਆ ਕਿ ਇਸ ਹਾਦਸੇ ਵਿਚ 16 ਕਰਮਚਾਰੀ ਮਾਰੇ ਗਏ ਹਨ। ਅਤੀਕ ਨੇ ਦੱਸਿਆ, 'ਕੋਲਾ ਖਾਨ ਧੱਸਣ ਤੋਂ ਬਾਅਦ ਮਲਬੇ ਵਿਚੋਂ ਅਸੀਂ ਸਾਰੀਆਂ 16 ਲਾਸ਼ਾਂ ਬਰਾਮਦ ਕਰ ਲਈਆਂ ਹਨ।' ਉਨ੍ਹਾਂ ਅੱਗੇ ਦੱਸਿਆ ਕਿ ਧਮਾਕੇ ਦੇ ਸਮੇਂ ਖਾਨ ਅੰਦਰ 30 ਕਰਮਚਾਰੀ ਸਨ।
ਸਾਰੇ ਜ਼ਖਮੀ ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਹੈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਜਾਣ ਵਾਲੇ ਕਰਮਚਾਰੀਆਂ ਵਿਚ ਇਕ ਦਰਜਨ ਖੈਬਰ ਖਤੂਨਖਵਾ ਦੇ ਸ਼ਾਂਗਲਾ ਜ਼ਿਲੇ ਦੇ ਰਹਿਣ ਵਾਲੇ ਸਨ। ਇਕ ਖਬਰ ਮੁਤਾਬਕ ਕੁੱਝ ਹੀ ਘੰਟੇ ਬਾਅਦ ਇਲਾਕੇ ਵਿਚ ਇਕ ਹੋਰ ਖਾਨ ਧੱਸ ਗਈ, ਜਿਸ ਵਿਚ 7 ਹੋਰ ਕਰਮਚਾਰੀ ਮਾਰੇ ਗਏ ਹਨ। ਪਾਕਿਸਤਾਨ ਸੈਂਟਰਲ ਮਾਈਨਜ਼ (ਖਾਨ) ਲੇਬਰ ਫੈਡਰੇਸ਼ਨ ਮੁਤਾਬਕ ਕੋਲਾ ਖਾਨ ਹਾਦਸਿਆਂ ਵਿਚ ਹਰ ਸਾਲ ਕਰੀਬ 100 ਤੋਂ 200 ਕਰਮਚਾਰੀ ਮਾਰੇ ਜਾਂਦੇ ਹਨ।