ਪਾਕਿਸਤਾਨ: ਵਿਸ਼ਵ ਬੈਂਕ ਦਾ ਅਨੁਮਾਨ, ਹੜ੍ਹ ਕਾਰਨ ਹੋਇਆ 40 ਅਰਬ ਡਾਲਰ ਦਾ ਨੁਕਸਾਨ

10/19/2022 4:36:03 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ਵ ਬੈਂਕ ਨੇ ਇਸ ਗਰਮੀਆਂ 'ਚ ਭਿਆਨਕ ਹੜ੍ਹ ਕਾਰਨ ਦੱਖਣੀ ਏਸ਼ੀਆਈ ਦੇਸ਼ 'ਚ 40 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਇਹ ਅੰਕੜਾ ਪਾਕਿਸਤਾਨੀ ਸਰਕਾਰ ਦੇ ਪਹਿਲੇ ਅਨੁਮਾਨ ਤੋਂ 10 ਅਰਬ ਡਾਲਰ ਵੱਧ ਹੈ। ਪਾਕਿਸਤਾਨ ਇਸ ਸਮੇਂ ਨਕਦੀ ਦੀ ਕਿੱਲਤ ਕਾਰਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੂਨ ਦੇ ਅੱਧ ਵਿੱਚ ਭਾਰੀ ਮੀਂਹ ਕਾਰਨ ਭਿਆਨਕ ਹੜ੍ਹ ਆ ਗਿਆ ਸੀ ਅਤੇ ਇੱਕ ਸਮੇਂ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿਚ ਡੁੱਬ ਗਿਆ ਸੀ।

ਵਿਸ਼ਵ ਬੈਂਕ ਦਾ ਤਾਜ਼ਾ ਮੁਲਾਂਕਣ ਰਾਜਧਾਨੀ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਜਲਵਾਯੂ ਪਰਿਵਰਤਨ ਮਾਹਿਰਾਂ ਵਿਚਾਲੇ ਹੋਈ ਮੀਟਿੰਗ ਦੌਰਾਨ ਆਇਆ। ਨਵੇਂ ਅਨੁਮਾਨ 'ਤੇ ਵਿਸ਼ਵ ਬੈਂਕ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹੜ੍ਹ ਕਾਰਨ ਜੂਨ ਦੇ ਮੱਧ ਤੋਂ ਹੁਣ ਤੱਕ 1,719 ਲੋਕ ਮਾਰੇ ਗਏ ਹਨ ਅਤੇ 3.3 ਕਰੋੜ ਪ੍ਰਭਾਵਿਤ ਹੋਏ ਹਨ। ਪਾਣੀ ਨੇ 20 ਲੱਖ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਸ਼ਰੀਫ ਸਰਕਾਰ ਨੇ ਪਿਛਲੇ ਮਹੀਨੇ ਹੜ੍ਹ ਨਾਲ 30 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਸੀ, ਪਰ ਨਾਲ ਹੀ ਕਿਹਾ ਸੀ ਕਿ ਇਹ ਅੰਕੜਾ ਵੱਧ ਹੋ ਸਕਦਾ ਹੈ। ਵਿਸ਼ਵ ਬੈਂਕ ਸਮੇਤ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਅਤੇ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੀ ਮਦਦ ਨਾਲ ਨੁਕਸਾਨ ਦੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੀ ਸਹਾਇਤਾ ਲਈ ਆਪਣੀ ਅਪੀਲ ਨੂੰ ਸ਼ੁਰੂਆਤੀ 16 ਕਰੋੜ ਡਾਲਰ ਤੋਂ 5 ਗੁਣਾ ਵਧਾ ਕੇ 81.6 ਕਰੋੜ ਡਾਲਰ ਕਰ ਦਿੱਤਾ ਹੈ।


cherry

Content Editor

Related News