ਪਾਕਿ ''ਚ ਰਿਕਾਰਡ ਆਰਥਿਕ ਮੰਦੀ, ਟਰਾਂਸਜੈਂਡਰ ਭਾਈਚਾਰਾ ਵੀ ਪ੍ਰਭਾਵਿਤ

12/10/2019 10:18:29 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਲੋਕ ਵੱਧਦੀ ਮਹਿੰਗਾਈ ਅਤੇ ਰਿਕਾਰਡ ਤੋੜ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਮੰਦੀ ਦਾ ਅਸਰ ਆਮ ਨਾਗਰਿਕਾਂ ਤੋਂ ਜ਼ਿਆਦਾ ਟਰਾਂਸਜੈਂਡਰਾਂ 'ਤੇ ਪਿਆ ਹੈ।ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਟਰਾਂਸਜੈਂਡਰਾਂ ਲਈ ਦੋ ਵੇਲੇ ਦੀ ਰੋਟੀ ਖਾਣਾ ਮੁਸ਼ਕਲ ਹੋ ਰਿਹਾ ਹੈ। ਟਰਾਂਸਜੈਂਡਰਾਂ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਕੋਲ ਨੋਟ ਹੀ ਨਹੀਂ ਹਨ ਤਾਂ ਉਹ ਸਾਨੂੰ ਕਿਸ ਤਰ੍ਹਾਂ ਦੇਣਗੇ। ਟਰਾਂਸਜੈਂਡਰ ਭਾਈਚਾਰੇ ਦਾ ਕਹਿਣਾ ਹੈ,''ਇਕ ਸਮਾਂ ਸੀ ਜਦੋਂ ਉਹਨਾਂ ਦੇ ਇਲਾਕਿਆਂ ਵਿਚ ਲੋਕਾਂ ਦੀ ਭੀੜ ਲੱਗੀ ਰਰਿੰਦੀ ਸੀ। ਲੋਕ ਉਹਨਾਂ ਨੂੰ ਪ੍ਰੋਗਰਾਮਾਂ ਲਈ ਬੁਲਾਉਣ ਆਉਂਦੇ ਸਨ। ਨੌਬਤ ਇੱਥੇ ਤੱਕ ਆ ਜਾਂਦੀ ਸੀ ਕਿ ਉਹਨਾਂ ਕੋਲ ਸਾਰਿਆਂ ਕੋਲ ਜਾਣ ਲਈ ਸਮਾਂ ਨਹੀਂ ਹੁੰਦਾ ਸੀ ਅਤੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈਂਦਾ ਸੀ। ਅੱਜ ਹਾਲਤ ਇਹ ਹਨ ਕਿ ਉਹਨਾਂ ਦੇ ਇਲਾਕੇ ਅਤੇ ਮਹਿਫਲਾਂ ਖਾਲੀ ਪਈਆਂ ਹਨ।''

ਕਟਰੀਨਾ (29) ਨਾਮ ਦੀ ਇਕ ਟਰਾਂਸਜੈਂਡਰ ਨੇ 'ਐਕਸਪ੍ਰੈੱਸ ਨਿਊਜ਼' ਨੂੰ ਕਿਹਾ,''ਉਹ ਵੀ ਸਮਾਂ ਸੀ ਜਦੋਂ ਸਾਡੇ ਇਲਾਕੇ ਲੋਕਾਂ ਨਾਲ ਭਰੇ ਰਹਿੰਦੇ ਸਨ ਅਤੇ ਸਾਨੂੰ ਆਸਾਨੀ ਨਾਲ 25 ਤੋਂ 30 ਹਜ਼ਾਰ ਰੁਪਏ ਮਿਲ ਜਾਂਦੇ ਸਨ। ਇਹਨਾਂ ਵਿਚੋਂ ਅੱਧੇ ਤਾਂ ਆਪਣੇ ਗੁਰੂ ਨੂੰ ਦੇਣੇ ਪੈਂਦੇ ਸੀ ਪਰ ਫਿਰ ਵੀ ਸਾਡੇ ਕੋਲ ਗੁਜਾਰੇ ਜਿੰਨੇ ਪੈਸੇ ਬੱਚ ਜਾਂਦੇ ਸਨ।'' ਮਹਿੰਗਾਈ ਦੀ ਸੁਨਾਮੀ ਹੀ ਇਹਨਾਂ ਟਰਾਂਸਜੈਂਡਰਾਂ ਲਈ ਮੁਸੀਬਤ ਨਹੀਂ ਹੈ। ਇਹਨਾਂ ਨੂੰ ਉਹਨਾਂ ਕੱਟੜਪੰਥੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਹਨਾਂ ਨੇ ਆਪਣੇ ਇਲਾਕਿਆਂ ਵਿਚ ਨਾਚ ਅਤੇ ਸੰਗੀਤ 'ਤੇ ਪਾਬੰਦੀ ਲਗਾਈ ਹੋਈ ਹੈ।

ਖੈਬਰ ਪਖਤੂਨਖਵਾ ਸੂਬੇ ਦੀ ਸ਼ੀਮੇਲ ਐਸੋਸੀਏਸ਼ਨ ਦੀ ਪ੍ਰਮੁੱਖ ਫਰਜ਼ਾਨਾ ਨੇ ਕਿਹਾ,''ਉਹ ਪੇਸ਼ਾਵਰ ਅਤੇ ਇਸ ਦੇ ਆਲੇ ਦੁਆਲੇ ਨਾਚ ਅਤੇ ਸੰਗੀਤ ਦੇ ਪ੍ਰੋਗਰਾਮਾਂ 'ਤੇ ਪਾਬੰਦੀ ਕਾਰਨ ਪੇਸ਼ਾਵਰ ਛੱਡ ਕੇ ਕਰਾਚੀ ਵਿਚ ਵਸਣ ਦੇ ਬਾਰੇ ਵਿਚ ਸੋਚ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਕੋਈ ਵਿਕਲਪਿਕ ਰੋਜ਼ਗਾਰ ਦੇਵੇ ਤਾਂ ਅਸੀਂ ਇਹ ਨਾਚ-ਗਾਣਾ ਛੱਡ ਦੇਵਾਂਗੇ ਪਰ ਕੋਈ ਕੁਝ ਕਰੇ ਤਾਂ ਸਹੀ।'' ਅਖਬਾਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ 'ਤੇ ਹਾਲ ਹੀ ਵਿਚ ਹਿੰਸਾ ਵੀ ਵਧੀ ਹੈ। ਖੈਬਰ ਪਖਤੂਨਖਵਾ ਵਿਚ ਹੀ ਬੀਤੇ 4 ਸਾਲ ਵਿਚ ਟਰਾਂਸਜੈਂਡਰ ਭਾਈਚਾਰੇ ਦੇ 64 ਲੋਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ।


Vandana

Content Editor

Related News