ਹਾਫਿਜ਼ ਦੇ ਬੇਟੇ ਨੂੰ ਬੰਬ ਧਮਾਕੇ ਜ਼ਰੀਏ ਮਾਰਨ ਦੀ ਕੋਸ਼ਿਸ਼, ਵਾਲ-ਵਾਲ ਬਚਿਆ

12/10/2019 12:57:06 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਬੇਟੇ ਤਲਹਾ ਸਈਦ 'ਤੇ ਜਾਨਲੇਵਾ ਹਮਲੇ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਤਲਹਾ ਇਸ ਹਮਲੇ ਵਿਚ ਵਾਲ-ਵਾਲ ਬੱਚ ਗਿਆ ਹੈ ਪਰ ਇਕ ਵਿਆਕਤੀ ਦੀ ਮੌਤ ਹੋਈ ਹੈ ਅਤੇ ਲਸ਼ਕਰ ਦੇ 7 ਅੱਤਵਾਦੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਤਲਹਾ 'ਤੇ ਹਮਲਾ ਲਾਹੌਰ ਵਿਚ ਸ਼ਨੀਵਾਰ ਸ਼ਾਮ ਨੂੰ ਹੋਇਆ। ਸੂਤਰਾਂ ਮੁਤਾਬਕ ਹਮਲੇ ਦੀ ਜਾਂਚ ਜਾਰੀ ਹੈ। ਇੰਗਲਿਸ਼ ਵੈਬਸਾਈਟ ਫਸਟਪੋਸਟ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।

ਹਮਲਾ ਉਸ ਸਮੇਂ ਹੋਇਆ ਜਦੋਂ ਲਸ਼ਕਰ ਮੁਖੀ ਹਾਫਿਜ਼ ਸਈਦ ਲਾਹੌਰ ਦੀ ਕੋਰਟ ਵਿਚ ਅੱਤਵਾਦੀ ਮਾਮਲਿਆਂ ਨਾਲ ਜੁੜੇ ਆਪਣੇ ਕੇਸ ਦੀ ਪਹਿਲੀ ਪੇਸ਼ੀ 'ਤੇ ਜਾਣ ਵਾਲਾ ਸੀ। ਹੁਣ ਇਸ ਕੇਸ ਦੀ ਸੁਣਵਾਈ 11 ਦਸੰਬਰ ਨੂੰ ਹੋਵੇਗਾ ਕਿਉਂਕਿ ਪੁਲਸ ਮਾਮਲੇ ਵਿਚ ਸਹਿ ਦੋਸ਼ੀ ਬਣਾਏ ਗਏ ਮਲਿਕ ਜ਼ਫਰ ਇਕਬਾਲ ਨੂੰ ਪੇਸ਼ ਕਰਨ ਵਿਚ ਅਸਫਲ ਰਹੀ ਹੈ। ਹਮਲੇ ਸਮੇਂ ਲਾਹੌਰ ਦੇ ਮੁਹੰਮਦ ਅਲੀਲ ਰੋਡ 'ਤੇ ਸਥਿਤ ਜਾਮੀਆ ਮਸਜਿਦ ਅਲੀ-ਓ-ਮੁਰਤਜਾ ਵਿਚ ਇਕ ਧਾਰਮਿਕ ਸਭਾ ਚੱਲ ਰਹੀ ਸੀ। ਸ਼ੁਰੂ ਵਿਚ ਦੱਸਿਆ ਗਿਆ ਸੀ ਕਿ ਜਿਹੜਾ ਧਮਾਕਾ ਹੋਇਆ ਉਹ ਇਕ ਸਿਲੰਡਰ ਧਮਾਕਾ ਹੈ ਪਰ ਪੰਜਾਬ ਪੁਲਸ ਦੀ ਜਾਂਚ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਏ.ਸੀ. 'ਤੇ ਲੱਗਾ ਸਟੀਲ ਸ਼ਟਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ । ਇਸ ਤਰ੍ਹਾਂ ਦਾ ਨੁਕਸਾਨ ਉਹਨਾਂ ਬੰਬਾਂ ਨਾਲ ਹੁੰਦਾ ਹੈ ਜਿਹਨਾਂ ਵਿਚ ਬਾਲ ਬੇਅਰਿੰਗਸ ਹੁੰਦੀਆਂ ਹਨ। ਧਮਾਕੇ ਦੇ ਕਾਰਨ ਕੁਝ ਫਰਨੀਚਰ ਨਸ਼ਟ ਹੋ ਗਿਆ ਅਤੇ ਮੇਜ਼ ਪਲਟ ਗਏ।

ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਤਲਹਾ ਸਈਦ ਮੀਟਿੰਗ ਵਿਚ ਬੋਲਣ ਲਈ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਤਲਹਾ ਨੂੰ ਸੱਟ ਲੱਗੀ ਹੈ ਅਤੇ ਉਸ ਦਾ ਜਿੰਨਾ ਹਸਪਤਾਲ ਵਿਚ ਇਲਾਜ ਜਾਰੀ ਹੈ ਜੋ ਕਿ ਲਾਹੌਰ ਦਾ ਇਕ ਟਾਪ ਹਸਪਤਾਲ ਹੈ। ਇਹ ਹਸਪਤਾਲ ਮਸਜਿਦ ਤੋਂ ਕਰੀਬ 5 ਕਿਲੋਮੀਟਰ ਦੂਰ ਹੈ। ਪੁਲਸ ਦਾ ਕਹਿਣਾ ਹੈ ਕਿ 22 ਸਾਲਾ ਹਾਫਿਜ਼ ਮੁਹੰਮਦ ਜੋ ਏ.ਸੀ. ਆਪਰੇਟਰ ਸੀ, ਉਸ ਦੀ ਧਮਾਕੇ ਵਿਚ ਮੌਤ ਹੋ ਗਈ ਹੈ। ਇਸ ਦੇ ਇਲਾਵਾ 25 ਸਾਲਾ ਅਹਿਸਾਨ, 20 ਸਾਲਾ ਅਬਦੁੱਲ ਗਫੂਰ, 22 ਸਾਲਾ ਅਬੁ ਬਕਰ, 60 ਸਾਲਾ ਮੁਹੰਮਦ ਅਫਾਕ ਅਤੇ 40 ਸਾਲਾ ਮੁਹੰਮਦ ਅਸਲਮ ਇਸ ਹਮਲੇ ਵਿਚ ਜ਼ਖਮੀ ਹਨ।

ਲਾਹੌਰ ਦੇ ਇਕ ਪੱਤਰਕਾਰ ਮੁਤਾਬਕ ਮੀਟਿੰਗ ਵਿਚ ਜਮਾਤ-ਉਦ-ਦਾਅਵਾ ਅਤੇ ਇਸ ਮਸਜਿਦ ਵਿਚ ਆਉਣ ਵਾਲੇ ਕੁਝ ਲੋਕ ਵੀ ਸ਼ਾਮਲ ਸਨ। ਸਥਾਨਕ ਮੀਡੀਆ ਨੇ ਇਸ ਖਬਰ ਦੇ ਬਾਰੇ ਵਿਚ ਲਿਖਣ ਤੋਂ ਸਾਫ ਇਨਕਾਰ ਕਰ ਦਿੱਤਾ। ਨਾਲ ਹੀ ਤਲਹਾ ਦੇ ਜ਼ਖਮੀ ਹੋਣ ਦੀ ਜਾਣਕਾਰੀ ਪੰਜਾਬ ਸੂਬੇ ਦੇ ਗਵਰਨਰ ਨੂੰ ਦੇ ਦਿੱਤੀ ਗਈ ਹੈ।


Vandana

Content Editor

Related News