13 ਫਰਵਰੀ ਨੂੰ ਨਨਕਾਣਾ ਸਾਹਿਬ ਦੀ ਸਿੱਖ ਕੁੜੀ ਦੇ ਮਾਮਲੇ ''ਚ ਆ ਸਕਦੈ ਫੈਸਲਾ

02/11/2020 1:14:16 PM

 ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਨਨਕਾਣਾ ਸਾਹਿਬ ਦੀ ਸਿੱਖ ਕੁੜੀ ਜਗਜੀਤ ਕੌਰ ਦੇ ਕੇਸ ਵਿਚ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਫੈਸਲੇ ਲਈ 13 ਫਰਵਰੀ ਦੀ ਤਰੀਕ ਤੈਅ ਕੀਤੀ। ਇਸ ਕਾਰਨ ਹਾਲੇ ਜਗਜੀਤ ਕੌਰ ਨੂੰ ਲਾਹੌਰ ਵਿਚ ਔਰਤਾਂ ਲਈ ਬਣੇ ਆਸਰਾ ਘਰ ਦਾਰ-ਉਲ-ਅਮਾਨ ਵਿਚ ਹੋਰ ਸਮਾਂ ਬਿਤਾਉਣਾ ਪਵੇਗਾ।ਉਸ ਦੇ ਕੌਂਸਲ ਮੁਹੰਮਦ ਸੁਲਤਾਨ ਸ਼ੇਖ ਨੇ ਸੋਮਵਾਰ ਨੂੰ ਲਾਹੌਰ ਤੋਂ ਫੋਨ ਜ਼ਰੀਏ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਗਜੀਤ ਕੌਰ ਦੇ ਭਰਾ ਮਨਮੋਹਨ ਸਿੰਘ ਨੇ ਉਸ ਦੇ ਮੁਸਲਿਮ ਪਤੀ ਮੁਹੰਮਦ ਹਸਨ ਵਿਰੁੱਧ ਇਤਰਾਜ਼ਯੋਗ ਸੰਦੇਸ਼ ਭੇਜਣ ਲਈ ਸ਼ਿਕਾਇਤ ਦਰਜ ਕਰਵਾਈ ਸੀ।

ਸ਼ੇਖ ਨੇ ਦੱਸਿਆ ਕਿ ਨਨਕਾਣਾ ਸਾਹਿਬ ਪੁਲਸ ਦੀ ਸਾਈਬਰ ਸੈੱਲ ਨੇ ਹਸਨ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ। ਉਸ ਨੇ ਦੋਸ਼ ਲਗਾਇਆ ਕਿ ਜਗਜੀਤ ਦਾ ਪਰਿਵਾਰ ਦੇਰੀ ਦੀ ਰਣਨੀਤੀ ਅਪਨਾ ਰਿਹਾ ਸੀ, ਇੱਥੋਂ ਤੱਕ ਕਿ ਕੁੜੀ ਨੇ ਅਦਾਲਤ ਵਿਚ ਆਪਣਾ ਬਿਆਨ ਵੀ ਦਰਜ ਕਰਵਾਇਆ ਸੀ ਕਿ ਉਹ ਆਪਣੇ ਮਾਤਾ-ਪਿਤਾ ਦੇ ਕੋਲ ਵਾਪਸ ਨਹੀਂ ਜਾਣਾ ਚਾਹੁੰਦੀ ਅਤੇ ਹਸਨ ਦੇ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ। 

28 ਅਗਸਤ, 2019 ਨੂੰ ਜਗਜੀਤ ਨੇ ਆਈਸ਼ਾ ਬੀਬੀ ਬਣਨ ਲਈ ਇਸਲਾਮ ਕਬੂਲ ਕੀਤਾ ਸੀ ਅਤੇ ਅਗਲੇ ਦਿਨ ਇਸਲਾਮਿਕ ਰਸਮਾਂ ਮੁਤਾਬਕ ਹਸਨ ਨਾਲ ਵਿਆਹ ਕਰਵਾਇਆ ਸੀ। ਭਾਵੇਂਕਿ ਉਸ ਦੇ ਪਰਿਵਾਰ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਜਗਜੀਤ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਦਾ ਧਰਮ ਪਰਿਵਰਤਨ ਕਰਾ ਦਿੱਤਾ ਗਿਆ। ਫਿਰ ਉਸ ਦੀ ਮਰਜ਼ੀ ਦੇ ਬਿਨਾਂ ਉਸ ਦਾ ਵਿਆਹ ਜ਼ਬਰਦਸਤੀ ਹਸਨ ਨਾਲ ਕਰ ਦਿੱਤਾ ਗਿਆ।


Vandana

Content Editor

Related News