ਅਫਗਾਨ ਸ਼ਾਂਤੀ ਪ੍ਰਕਿਰਿਆ ਲਈ ਭਾਰਤ ਦੀ ਭੂਮਿਕਾ ਮਹੱਤਵਪੂਰਨ : ਪਾਕਿਸਤਾਨ

12/11/2018 4:14:06 PM

ਇਸਲਾਮਾਬਾਦ (ਭਾਸ਼ਾ)— ਅਫਗਾਨਿਸਤਾਨ ਵਿਚ ਭਾਰਤ ਦਾ ਹਿੱਤ ਹੋਣ ਦੀ ਗੱਲ ਪਾਕਿਸਤਾਨ ਨੇ ਸੰਭਵ ਤੌਰ 'ਤੇ ਪਹਿਲੀ ਵਾਰ ਸਵੀਕਾਰ ਕੀਤੀ ਹੈ। ਨਾਲ ਹੀ ਉਸ ਨੇ ਕਿਹਾ ਕਿ ਉੱਥੇ ਸ਼ਾਂਤੀ ਪ੍ਰਕਿਰਿਆ ਲਈ ਭਾਰਤ ਦੇ ਸਹਿਯੋਗ ਦੀ ਲੋੜ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਵਿਚ ਕਿਹਾ ਕਿ ਪਾਕਿਸਤਾਨ ਇਕੱਲਿਆਂ ਅਫਗਾਨਿਸਤਾਨ ਵਿਚ ਸ਼ਾਂਤੀ ਨਹੀਂ ਲਿਆ ਸਕਦਾ ਕਿਉਂਕਿ ਇਹ ਖੇਤਰ ਦੇ ਦੇਸ਼ਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਕ ਅੰਗਰੇਜ਼ੀ ਅਖਬਾਰ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ,'' ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਮਿਲਟਰੀ ਤਾਕਤ ਨਾਲ ਸਥਾਪਿਤ ਨਹੀਂ ਹੋ ਸਕਦੀ। ਅੱਜ ਅਮਰੀਕਾ, ਪਾਕਿਸਤਾਨ, ਅਫਗਾਨਿਸਤਾਨ ਅਤੇ ਤਾਲਿਬਾਨ ਵੀ ਵਾਰਤਾ ਜ਼ਰੀਏ ਸ਼ਾਂਤੀ ਚਾਹੁੰਦੇ ਹਨ।'' 

ਕੁਰੈਸ਼ੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਖਾਸ ਹਿੱਤਧਾਰਕਾਂ ਵਿਚਕਾਰ ਕੁਝ ਬੈਠਕਾਂ ਹੋਈਆਂ ਹਨ। ਭਾਰਤ ਦਾ ਵੀ ਅਫਗਾਨਿਸਤਾਨ ਵਿਚ ਹਿੱਤ ਹੈ ਅਤੇ ਉਸ ਦੇ ਵੀ ਸਹਿਯੋਗ ਦੀ ਲੋੜ ਹੋਵੇਗੀ। ਗੌਰਤਲਬ ਹੈ ਕਿ ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਅਫਗਾਨਿਸਤਾਨ ਵਿਚ ਭਾਰਤ ਨੂੰ ਇਕ ਭੂਮਿਕਾ ਦੇਣ ਦੀ ਉਸ ਦੀ ਯੋਜਨਾ ਹੈ। ਉੱਥੇ ਦਹਾਕਿਆਂ ਤੋਂ ਪਾਕਿਸਤਾਨ ਦਾ ਰਵੱਈਆ ਬਿਲਕੁੱਲ ਸਪੱਸ਼ਟ ਰਿਹਾ ਹੈ ਕਿ ਅਫਗਾਨਿਸਤਾਨ ਵਿਚ ਭਾਰਤ ਨੂੰ ਕੋਈ ਭੂਮਿਕਾ ਨਿਭਾਉਣ ਦੀ ਲੋੜ ਨਹੀਂ ਹੈ। ਭਾਰਤ ਨਾਲ ਸਬੰਧਾਂ ਦੇ ਬਾਰੇ ਵਿਚ ਕੁਰੈਸ਼ੀ ਨੇ ਆਸ ਜ਼ਾਹਰ ਕੀਤੀ ਕਿ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਕਾਰੀਡੋਰ ਖੋਲ੍ਹੇ ਜਾਣ ਦੀ ਪਕਿਸਤਾਨ ਦੀ ਸਦਭਾਵਨਾ ਪਹਿਲ ਦੇ ਅਨੁਕੂਲ ਨਵੀਂ ਦਿੱਲੀ ਵੀ ਕਦਮ ਚੁੱਕੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ਕਾਰੀਡੋਰ ਖੋਲ੍ਹਣ ਦੀ ਚਾਹਵਾਨ ਨਹੀਂ ਸੀ ਪਰ ਉਨ੍ਹਾਂ ਨੇ ਬਾਅਦ ਵਿਚ ਇਕ ਕੈਬਨਿਟ ਬੈਠਕ ਜ਼ਰੀਏ ਸਾਨੂੰ ਮਨਜ਼ੂਰੀ ਦਿੱਤੀ। ਪਾਕਿਸਤਾਨ ਨੇ ਆਸ ਜ਼ਾਹਰ ਕੀਤੀ ਕਿ ਭਾਰਤ ਕਸ਼ਮੀਰ 'ਤੇ ਵੀ ਆਪਣੀ ਨੀਤੀ ਦੀ ਸਮੀਖਿਆ ਕਰੇਗਾ।


Vandana

Content Editor

Related News