ਪਾਕਿ ਕੁੜੀ ਨੇ ਬਣਾਇਆ ਆਪਣਾ ਯੂ-ਟਿਊਬ ਚੈਨਲ, ਬਣੀ ਦੂਜਿਆਂ ਲਈ ਮਿਸਾਲ

06/03/2021 5:21:17 PM

ਇਸਲਾਮਾਬਾਦ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਯੋਗ ਵਿਅਕਤੀ ਮੁਸ਼ਕਲ ਹਾਲਾਤ ਵਿਚ ਵੀ ਆਪਣਾ ਰਸਤਾ ਲੱਭ ਲੈਂਦਾ ਹੈ। ਇਸ ਦੀ ਇਕ ਮਿਸਾਲ ਪੇਸ਼ ਕਰਦੀ ਪਾਕਿਸਤਾਨ ਦੀ ਇਕ ਕੁੜੀ ਚਰਚਾ ਵਿਚ ਹੈ। ਰਾਬੀਆ ਨਾਜ਼ ਸ਼ੇਖ ਨਾਮ ਦੀ ਕੁੜੀ ਨੇ ਘਰ ਬੈਠ ਕੇ ਲੱਖਾਂ ਦੀ ਆਮਦਨੀ ਦਾ ਜ਼ਰੀਆ ਲੱਭ ਲਿਆ। ਉਸ ਦਾ ਆਪਣਾ ਯੂ-ਟਿਊਬ ਚੈਨਲ ਹੈ ਜਿਸ ਲਈ ਰਾਬੀਆ ਰੋਜ਼ਾਨਾ ਘੱਟੋ-ਘੱਟ ਇਕ ਵੀਡੀਓ ਜ਼ਰੂਰ ਬਣਾਉਂਦੀ ਹੈ। 

ਸਿੰਧ ਦੇ ਖੈਰਪੁਰ ਵਿਚ ਰਾਹੂਆ ਜਿਹੇ ਛੋਟੇ ਜਿਹੇ ਕਸਬੇ ਦੀ ਰਹਿਣ ਵਾਲੀ 25 ਸਾਲਾ ਰਾਬੀਆ ਨੇ ਇਕ ਸਾਲ ਪਹਿਲਾਂ ਆਪਣਾ ਯੂ-ਟਿਊਬ ਚੈਨਲ ਬਣਾਇਆ। ਬੀ.ਬੀ.ਸੀ. ਮੁਤਾਬਕ 'ਫੈਸ਼ਨ ਐਡੀਕਸ਼ਨ' ਨਾਮ ਦੇ ਇਸ ਚੈਨਲ ਦੇ ਇਸ ਸਮੇਂ 1 ਲੱਖ 60 ਹਜ਼ਾਰ ਤੋਂ ਜ਼ਿਆਦਾ ਸਬਸਕ੍ਰਾਈਬਰ ਮਤਲਬ ਗਾਹਕ ਬਣ ਚੁੱਕੇ ਹਨ। ਇਸ ਚੈਨਲ ਨੂੰ ਰਾਬੀਆ ਇਕੱਲੇ ਹੀ ਚਲਾਉਂਦੀ ਹੈ। ਰਾਬੀਆ ਨੇ ਸਿਰਫ 12ਵੀਂ ਤੱਕ ਦੀ ਹੀ ਪੜ੍ਹਾਈ ਕੀਤੀ ਹੈ। ਬੀ.ਬੀ.ਸੀ. ਨਾਲ ਗੱਲਬਾਤ ਵਿਚ ਰਾਬੀਆ ਨੇ ਦੱਸਿਆ ਕਿ ਪੜ੍ਹਾਈ ਉਸ ਨੇ ਆਪਣੀ ਮਰਜ਼ੀ ਨਾਲ ਛੱਡੀ। ਉਸ ਨੂੰ ਯੂ-ਟਿਊਬ ਦਾ ਸ਼ੌਂਕ ਸੀ ਅਤੇ ਇਸੇ ਤੋਂ ਉਸ ਨੂੰ ਆਪਣਾ ਚੈਨਲ ਖੋਲ੍ਹਣ ਦਾ ਵਿਚਾਰ ਆਇਆ। 

ਪੜ੍ਹੋ ਇਹ ਅਹਿਮ ਖਬਰ ਪਾਕਿ ਸਰਕਾਰ ਕਰਜ਼ ਲੈ ਕੇ ਕਰਮਚਾਰੀਆਂ ਨੂੰ ਦੇ ਰਹੀ ਤਨਖਾਹ, ਸੁਪਰੀਮ ਕੋਰਟ ਨੇ ਲਾਈ ਫਟਕਾਰ

ਰਾਬੀਆ ਨੇ ਦੱਸਿਆ ਕਿ ਉਸ ਨੇ ਜ਼ਿਆਦਾਤਰ ਚੀਜ਼ਾਂ ਇੰਟਰਨੈੱਟ ਤੋਂ ਹੀ ਸਿੱਖੀਆਂ ਹਨ। ਭਰਾਵਾਂ ਨੇ ਉਸ ਨੂੰ ਐਡੀਟਿੰਗ ਸਿਖਾਈ ਅਤੇ ਬਾਕੀ ਸਾਰਾ ਕੰਮ ਉਸ਼ ਨੇ ਆਪਣਾ ਦਿਮਾਗ ਲਗਾ ਕੇ ਕੀਤਾ। ਸਿਲਾਈ ਸਿੱਖਣ ਦੇ ਬਾਅਦ ਉਹ ਇੰਟਰਨੈੱਟ ਤੋਂ ਡਿਜ਼ਾਈਨ ਦੇਖ ਕੇ ਕੱਪੜੇ ਬਣਾਉਂਦੀ ਸੀ।ਇਸੇ ਸ਼ੌਂਕ ਨੇ ਰਾਬੀਆ ਨੂੰ ਫੈਸ਼ਨ ਉਦਯੋਗ ਨਾਲ ਜੋੜਿਆ ਅਤੇ ਉਸ ਨੇ ਫੈਸ਼ਨ ਐਡੀਕਸ਼ਨ ਨਾਮ ਦਾ ਚੈਨਲ ਸ਼ੁਰੂ ਕੀਤਾ। ਰਾਬੀਆ ਨੇ ਬੀ.ਬੀ.ਸੀ. ਨੂੰ ਗੱਲਬਾਤ ਵਿਚ ਦੱਸਿਆ ਕਿ ਉਹ ਫੈਸ਼ਨ ਅਤੇ ਟ੍ਰੈਂਡ ਵਿਚ ਚੱਲ ਰਹੀਆਂ ਚੀਜ਼ਾਂ ਨੂੰ ਦੇਖਦੀ ਹੈ। ਕੱਪੜਿਆਂ ਦੀ ਕਟਿੰਗ ਅਤੇ ਉਸ ਦੀ ਸਿਲਾਈ ਨੂੰ ਦੇਖ ਕੇ ਉਹ ਆਪਣੀ ਸਮੱਗਰੀ ਤਿਆਰ ਕਰਦੀ ਹੈ। ਪਹਿਲਾਂ ਵੱਖ-ਵੱਖ ਵੈਬਸਾਈਟਾਂ ਤੋਂ ਤਸਵੀਰਾਂ ਡਾਊਨਲੋਡ ਕਰਕੇ ਸਕ੍ਰਿਪਟ ਲਿਖਦੀ ਹੈ ਅਤੇ ਵੌਇਸ ਓਵਰ ਤਿਆਰ ਕਰਦੀ ਹੈ।ਐਡੀਟਿੰਗ ਸਾਫਟਵੇਅਰ ਤੋਂ ਐਡਿਟ ਕਰਨ ਦੇ ਬਾਅਦ ਉਹ ਇਸ ਨੂੰ ਅਪਲੋਡ ਕਰਦੀ ਹੈ। 

ਰਾਬੀਆ ਦਾ ਕਹਿਣਾ ਹੈ ਕਿ ਇਸ ਸਭ ਵਿਚ ਉਸ ਨੂੰ ਕੁੱਲ 2 ਤੋਂ ਢਾਈ ਘੰਟੇ ਦਾ ਸਮਾਂ ਲੱਗਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਸਾਰਾ ਕੰਮ ਸਿਰਫ ਇਕ ਸਮਾਰਟਫੋਨ ਜ਼ਰੀਏ ਕਰਦੀ ਹੈ। ਰਾਬੀਆ ਦੱਸਦੀ ਹੈ ਕਿ ਚੈਨਲ ਨੂੰ ਮੋਨੋਟਾਈਜ ਕਰਨ ਲਈ ਉਸ ਨੇ ਕਾਫੀ ਮਿਹਨਤ ਕੀਤੀ। ਹੁਣ ਉਸ ਨੂੰ 40-50 ਹਜ਼ਾਰ ਰੁਪਏ ਮਹੀਨਾ ਤੱਕ ਮਿਲ ਜਾਂਦੇ ਹਨ। ਇਸੇ ਨਾਲ ਰਾਬੀਆ ਨੇ ਆਪਣੇ ਲਈ ਦੋ ਕਮਰਿਆਂ ਦਾ ਘਰ ਬਣਵਾਇਆ ਹੈ। ਹਾਲੇ ਨਿਰਮਾਣ ਚੱਲ ਰਿਹਾ ਹੈ। ਉਸ ਨੂੰ ਆਸ ਹੈ ਕਿ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ। ਉਹ ਦੱਸਦੀ ਹੈ ਕਿ ਉਹ ਪਿੰਡ ਦੀ ਪਹਿਲੀ ਕੁੜੀ ਹੈ ਜਿਸ ਨੇ ਆਪਣੇ ਪਿਤਾ ਲਈ ਘਰ ਬਣਵਾਇਆ ਹੈ। ਰਾਬੀਆ ਦਾ ਕਹਿਣਾ ਹੈ ਕਿ ਬਿਜਲੀ ਦੀ ਸਮੱਸਿਆ ਕਾਰਨ ਉਸ ਨੂੰ ਪੂਰੀ ਰਾਤ ਫੋਨ ਚਾਰਜ ਕਰਨਾ ਪੈਂਦਾ ਹੈ। ਫਿਰ ਕਿਤੇ ਉਹ ਸਵੇਰੇ ਕੰਮ ਕਰ ਪਾਉਂਦੀ ਹੈ। ਜਦੋਂ ਇੰਟਰਨੈੱਟ ਦੀ ਗਤੀ ਠੀਕ ਹੁੰਦੀ ਹੈ ਉਦੋਂ ਉਹ ਸਾਰਾ ਕੰਮ ਜਲਦੀ ਨਾਲ ਪੂਰਾ ਕਰ ਲੈਂਦੀ ਹੈ।


Vandana

Content Editor

Related News