ਪਾਕਿਸਤਾਨ ’ਚ ਪੋਲੀਓ ਟੀਕਾਕਰਨ ਮੁਹਿੰਮ ਦੌਰਾਨ ਗੋਲੀਬਾਰੀ, 2 ਪੁਲਸ ਮੁਲਾਜ਼ਮਾਂ ਦੀ ਮੌਤ

Wednesday, Jun 09, 2021 - 06:20 PM (IST)

ਪਾਕਿਸਤਾਨ ’ਚ ਪੋਲੀਓ ਟੀਕਾਕਰਨ ਮੁਹਿੰਮ ਦੌਰਾਨ ਗੋਲੀਬਾਰੀ, 2 ਪੁਲਸ ਮੁਲਾਜ਼ਮਾਂ ਦੀ ਮੌਤ

ਪੇਸ਼ਾਵਰ (ਭਾਸ਼ਾ) : ਉਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਪੋਲੀਓ ਖ਼ਿਲਾਫ਼ ਚਲਾਏ ਜਾ ਰਹੇ ਟੀਕਾਕਰਨ ਅਭਿਆਨ ਦੌਰਾਨ ਬੁੱਧਵਾਰ ਨੂੰ ਕੁੱਝ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰਕੇ 2 ਪੁਲਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਖ਼ੈਬਰ ਪਖ਼ਤੂਨਖਵਾ ਸੂਬੇ ਦੇ ਡਿਪਟੀ ਸੁਪਰਡੈਂਟ ਸ਼ਾਹਬਾਜ਼ ਨੇ ਦੱਸਿਆ ਕਿ ਸੂਬੇ ਦੇ ਮਰਦਨ ਜ਼ਿਲ੍ਹੇ ਦੇ ਰੂਸਤਮ ਪਿੰਡ ਵਿਚ ਟੀਕਾਕਰਨ ਅਭਿਆਨ ਖ਼ਤਮ ਕਰਾਉਣ ਦੇ ਬਾਅਦ ਵਾਪਸ ਆਪਣੇ ਘਰ ਪਰਤ ਰਹੇ ਪੁਲਸ ਮੁਲਾਜ਼ਮਾਂ ’ਤੇ ਕੁੱਝ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ।

ਪੁਲਸ ਨੇ ਘਟਨਾ ਸਥਾਨ ਦੀ ਘੇਰਾਬੰਦੀ ਕਰਨ ਦੇ ਬਾਅਦ ਦੋਸ਼ੀਆਂ ਨੂੰ ਫੜਨ ਲਈ ਅਭਿਆਨ ਸ਼ੁਰੂ ਕਰ ਦਿੱਤਾ ਹੈ। ਖ਼ੈਬਰ ਪਖ਼ਤੂਨਖਵਾ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਮਾਰੇ ਗਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਅਫਗਾਨਿਸਤਾਨ ਅਤੇ ਨਾਈਜ਼ੀਰੀਆ ਦੇ ਇਲਾਵਾ ਪਾਕਿਸਤਾਨ ਤੀਜਾ ਅਜਿਹਾ ਦੇਸ਼ ਹੈ, ਜਿੱਥੇ ਪੋਲੀਓ ਦੇ ਕੁੱਝ ਮਾਮਲੇ ਹੂਣ ਵੀ ਹਨ। ਜ਼ਿਕਰਯੋਗ ਹੈ ਕਿ ਹਾਲ ਦੇ ਸਾਲਾਂ ਵਿਚ ਕੱਟੜਪੰਥੀਆਂ ਵੱਲੋਂ ਟੀਕਾਕਰਨ ਅਭਿਆਨ ਵਿਚ ਸ਼ਾਮਲ ਟੀਮਾਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਪਾਕਿਸਤਾਨ ਵਿਚ ਇਸ ਬੀਮਾਰੀ ਦੇ ਖ਼ਾਤਮੇ ਦੀਆਂ ਕੋਸ਼ਿਸ਼ਾਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈਆਂ ਹਨ।
 


author

cherry

Content Editor

Related News