ਕਸ਼ਮੀਰ ਮੁੱਦੇ ''ਤੇ ਇਸਲਾਮਕ ਸਹਿਯੋਗ ਸੰਗਠਨ ਦਾ ਸਾਥ ਨਾ ਮਿਲਣ ''ਤੇ ਟੁੱਟੇ ਪਾਕਿਸਤਾਨ ਦੇ ਸੁਪਨੇ
Monday, Aug 10, 2020 - 02:25 PM (IST)

ਇਸਲਾਮਾਬਾਦ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਮੁੱਦੇ 'ਤੇ ਇਸਲਾਮਕ ਸਹਿਯੋਗ ਸੰਗਠਨ ਨੂੰ ਵਿਦੇਸ਼ ਮੰਤਰੀਆਂ ਦੀ ਬੈਠਕ ਬੁਲਾਉਣ ਦੀ ਧਮਕੀ ਦਿੱਤੀ ਸੀ ਪਰ ਉਨ੍ਹਾਂ ਵਲੋਂ ਮਿਲੇ ਕੋਰੇ ਜਵਾਬ ਕਾਰਨ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਹੈ। ਡਾਊਨ ਅਖਬਾਰ ਦੀ ਖਬਰ ਮੁਤਾਬਕ ਭਾਰਤ ਵਲੋਂ ਧਾਰਾ 370 ਰੱਦ ਕਰਨ ਦੇ ਬਾਅਦ ਤੋਂ ਹੀ ਪਾਕਿਸਤਾਨ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੰਚ 'ਤੇ ਖਿੱਚਦਾ ਰਿਹਾ ਹੈ ਜਦਕਿ ਭਾਰਤ ਦੇ ਇਸ ਕਦਮ ਦੀ ਬਹੁਤ ਸਾਰੇ ਦੇਸ਼ਾਂ ਨੇ ਸ਼ਲਾਘਾ ਕੀਤੀ ਹੈ। ਨਵੀਂ ਦਿੱਲੀ ਦਾ ਕਹਿਣਾ ਹੈ ਕਿ ਕਸ਼ਮੀਰ ਮੁੱਦੇ 'ਤੇ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਦੀ ਪਿੱਠ ਥਾਪੜੀ ਹੈ। ਡਾਊਨ ਦੀ ਖਬਰ ਮੁਤਾਬਕ ਪਾਕਿਸਤਾਨ ਵਲੋਂ ਮੰਗ ਕੀਤੀ ਗਈ ਸੀ ਕਿ ਸਾਊਦੀ ਅਰਬ ਇਸ ਮਸਲੇ ਵਿਚ ਆਵੇ ਪਰ ਸਾਊਦੀ ਅਰਬ ਨੇ ਇਸ ਮਾਮਲੇ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਕਸ਼ਮੀਰ ਨੂੰ ਲੈ ਕੇ ਵਿਵਾਦ ਚੁੱਕਣ ਦੇ ਪਾਕਿਸਤਾਨ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਮਾਲਦੀਵ ਨੇ ਵੀ ਪਾਕਿਸਤਾਨ ਨੂੰ ਠੋਕਵਾਂ ਜਵਾਬ ਦਿੱਤਾ ਸੀ। ਭਾਰਤ ਖਿਲਾਫ ਇਸਲਾਮੋਫੋਬੀਆ ਦੇ ਦੁਰਪ੍ਰਚਾਰ ਦੀ ਪਾਕਿਸਤਾਨ ਦੀ ਸਾਜਸ਼ ਅਸਫਲ ਹੋ ਗਈ। 22 ਮਈ ਨੂੰ ਇਸਲਾਮਕ ਸਹਿਯੋਗ ਸੰਗਠਨ ਦੀ ਬੈਠਕ ਵਿਚ ਮਾਲਦੀਵ ਨੇ ਭਾਰਤ ਦਾ ਪੱਖ ਲੈਂਦੇ ਹੋਏ ਪਾਕਿਸਤਾਨ ਨੂੰ ਖਰੀ-ਖੋਟੀ ਸੁਣਾਈ ਸੀ।
ਮਾਲਦੀਵ ਨੇ ਕਿਹਾ ਸੀ ਕਿ ਭਾਰਤ 'ਤੇ ਇਸਲਾਮੋਫੋਬੀਆ ਦਾ ਦੋਸ਼ ਲਗਾਉਣਾ ਗਲਤ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿਚ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਹਨ। ਮਾਲਦੀਵ ਨੇ ਕਿਹਾ ਕਿ ਭਾਰਤ 'ਤੇ ਇਸਲਾਮੋਫੋਬੀਆ ਦਾ ਗਲਤ ਦੋਸ਼ ਦੱਖਣੀ ਏਸ਼ੀਆ ਵਿਚ ਧਾਰਮਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਵੇਗਾ।