ਪਾਕਿ : ਵਿਧਾਨ ਸਭਾ ''ਚ ਸਿੱਖ ਸੰਸਦੀ ਸਕੱਤਰ ਨੇ ''ਪੰਜਾਬੀ'' ''ਚ ਦਿੱਤਾ ਭਾਸ਼ਣ

Friday, Jun 21, 2019 - 02:21 PM (IST)

ਪਾਕਿ : ਵਿਧਾਨ ਸਭਾ ''ਚ ਸਿੱਖ ਸੰਸਦੀ ਸਕੱਤਰ ਨੇ ''ਪੰਜਾਬੀ'' ''ਚ ਦਿੱਤਾ ਭਾਸ਼ਣ

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਸਥਿਤ ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਵੀਰਵਾਰ ਨੂੰ ਪਹਿਲੀ ਵਾਰ ਮਾਂ-ਬੋਲੀ ਪੰਜਾਬੀ ਵਿਚ ਭਾਸ਼ਣ ਦਿੱਤਾ ਗਿਆ। ਇੱਥੇ ਜ਼ਿਲਾ ਮੁਲਤਾਨ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਐੱਮ.ਪੀ.ਏ. ਅਤੇ ਸੰਸਦੀ ਸਕੱਤਹ ਸਰਦਾਰ ਮਹਿੰਦਰਪਾਲ ਸਿੰਘ ਨੇ ਪੰਜਾਬੀ ਵਿਚ ਭਾਸ਼ਣ ਦਿੱਤਾ। ਦੱਸਣਯੋਗ ਹੈ ਕਿ ਲਹਿੰਦੇ ਪੰਜਾਬ ਦੀ ਅਸੈਂਬਲੀ ਵਿਚ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਿਰਫ ਉਰਦੂ ਵਿਚ ਭਾਸ਼ਣ ਦੇਣ ਦੀ ਇਜਾਜ਼ਤ ਹੈ ਜਦਕਿ ਸਰਦਾਰ ਮਹਿੰਦਰਪਾਲ ਸਿੰਘ ਵੱਲੋਂ ਵੀਰਵਾਰ ਨੂੰ ਆਪਣੇ ਭਾਸ਼ਣ ਤੋਂ ਇਕ ਦਿਨ ਪਹਿਲਾਂ ਬਕਾਇਦਾ ਸਪੀਕਰ ਪਾਸੋਂ ਪੰਜਾਬੀ ਵਿਚ ਭਾਸ਼ਣ ਦੇਣ ਦੀ ਮਨਜ਼ੂਰੀ ਲਈ ਗਈ।

ਆਪਣੇ ਭਾਸ਼ਣ ਵਿਚ ਮਹਿੰਦਰਪਾਲ ਨੇ ਕਿਹਾ,''ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਪਰਵੇਜ਼ ਇਲਾਹੀ ਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਸਮੇਂ ਭਾਰਤੀ ਪੰਜਾਬ ਨਾਲ ਚੰਗੇ ਸਿਆਸੀ ਸੰਬੰਧ ਬਣੇ ਹੋਏ ਸਨ, ਉਸੇ ਤਰ੍ਹਾਂ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਬਿਹਤਰ ਸੰਬੰਧ ਬਣਾਏ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਨਾਲ ਕਰਤਾਰਪੁਰ ਕੋਰੀਡੋਰ ਨੂੰ ਹੋਰ ਮਜ਼ਬੂਤੀ ਮਿਲੀ ਹੈ।'' ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਦੱਸਿਆ,''ਸੂਬਾਈ ਬਜਟ ਵਿਚ ਜਿੱਥੇ ਘੱਟ ਗਿਣਤੀ ਭਾਈਚਾਰੇ ਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੇ ਵਜ਼ੀਫਿਆਂ ਲਈ ਫੰਡ ਰਾਖਵੇਂ ਰੱਖੇ ਗਏ ਹਨ ਉੱਥੇ ਉਨ੍ਹਾਂ ਲਈ ਕਾਲਜਾਂ ਵਿਚ ਦਾਖਲਿਆਂ ਅਤੇ ਨੌਕਰੀਆਂ ਲਈ ਵੀ ਰਾਖਵਾਂਕਰਨ ਕੀਤਾ ਗਿਆ ਹੈ। ਇਸ ਦੇ ਇਲਾਵਾ ਇਸ ਸਾਲ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਨਾਲ-ਨਾਲ ਮੰਦਰਾਂ ਤੇ ਚਰਚਾਂ ਦੀ ਵਿਵਸਥਾ ਅਤੇ ਮੁੜ ਉਸਾਰੀ 'ਤੇ ਵੀ ਭਾਰੀ ਖਰਚ ਕੀਤਾ ਜਾਵੇਗਾ।''

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਦੇ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਕਾਇਮ ਕੀਤੀ ਗਈ 'ਟਾਸਕ ਫੋਰਸ' ਘੱਟ ਗਿਣਤੀਆਂ ਦੀਆਂ ਧਾਰਮਿਕ ਥਾਵਾਂ ਨੂੰ ਕਬਜ਼ਾ ਮੁਕਤ ਕਰਾਉਣ ਲਈ ਵੀ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਸ੍ਰੀ ਨਨਕਾਣਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਇੰਟਰਨੈਸ਼ਨਲ ਯੂਨੀਵਰਸਿਟੀ ਬਣਾਉਣ ਲਈ ਪਾਕਿਸਤਾਨ ਸਰਕਾਰ ਵੱਲੋਂ 300 ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਗੁਰੂ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਨੂੰ ਦਿੱਤਾ ਗਿਆ ਵੱਡਾ ਤੋਹਫਾ ਹੈ। 

ਮਹਿੰਦਰਪਾਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਰ ਵੱਲੋਂ ਯੂਨੀਵਰਸਿਟੀ ਦੀ ਉਸਾਰੀ ਦਾ ਮਾਮਲਾ ਇਸ ਸਾਲ ਦੇ ਵਿਕਾਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਇੰਗਲੈਂਡ ਦੇ ਸਿੱਖਾਂ ਵੱਲੋਂ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਆਰਥਿਕ ਪੱਖੋਂ ਵੱਡਾ ਯੋਗਦਾਨ ਪਾਉਣ ਸੰਬੰਧੀ ਕੀਤੇ ਐਲਾਨ ਦਾ ਸਵਾਗਤ ਕੀਤਾ।


author

Vandana

Content Editor

Related News