ਪਾਕਿ ਨੇ ਮੁਹੰਮਦ ਫੈਜ਼ਲ ਨੂੰ ਬਣਾਇਆ ਜਰਮਨੀ ਦਾ ਰਾਜਦੂਤ

Sunday, Dec 15, 2019 - 04:32 PM (IST)

ਪਾਕਿ ਨੇ ਮੁਹੰਮਦ ਫੈਜ਼ਲ ਨੂੰ ਬਣਾਇਆ ਜਰਮਨੀ ਦਾ ਰਾਜਦੂਤ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਵੱਡਾ ਕੂਟਨੀਤਕ ਫੇਰਬਦਲ ਕਰਦਿਆਂ ਵਿਦੇਸ਼ਾਂ ਵਿਚ ਸਥਿਤ ਆਪਣੇ ਵਿਭਿੰਨ ਦੂਤਾਵਾਸਾਂ ਵਿਚ 20 ਰਾਜਦੂਤਾਂ ਅਤੇ ਵਪਾਰਕ ਦੂਤਾਂ ਦੀ ਨਿਯੁਕਤੀ ਕੀਤੀ ਹੈ। ਇਹਨਾਂ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਦਾ ਨਾਮ ਵੀ ਸ਼ਾਮਲ ਹੈ, ਜਿਹਨਾਂ ਨੂੰ ਜਰਮਨੀ ਵਿਚ ਦੇਸ਼ ਦਾ ਨਵਾਂ ਰਾਜਦੂਤ ਬਣਾਇਆ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਡਾਨ ਦੀ ਖਬਰ ਵਿਚ ਦੱਸਿਆ ਗਿਆ ਕਿ ਵਿਦੇਸ਼ ਮੰਤਰਾਲੇ ਵੱਲੋਂ 13 ਦਸੰਬਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਦੇ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 17 ਰਾਜਦੂਤਾਂ ਅਤੇ 3 ਵਪਾਰਕ ਦੂਤਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।

ਦੱਖਣੀ ਏਸ਼ੀਆ ਅਤੇ ਸਾਰਕ ਲਈ ਡੀ.ਜੀ. ਦੇ ਤੌਰ 'ਤੇ ਸੇਵਾਵਾਂ ਦੇ ਰਹੇ ਫੈਜ਼ਲ, ਜਰਮਨੀ ਵਿਚ ਪਾਕਿਸਤਾਨ ਦੇ ਰਾਜਦੂਤ ਜ਼ੌਹਰ ਸਲੀਮ ਦੀ ਜਗ੍ਹਾ ਲੈਣਗੇ। ਸਲੀਮ ਹੁਣ ਇਟਲੀ ਵਿਚ ਆਪਣੀਆਂ ਸੇਵਾਵਾਂ ਦੇਣਗੇ। ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਤੌਰ 'ਤੇ ਫੈਜ਼ਲ ਦੀ ਜਗ੍ਹਾ ਕੌਣ ਲਵੇਗਾ। ਪਾਕਿਸਤਾਨ ਨੇ ਫੌਜ ਤੋਂ ਰਿਟਾਇਰ ਕੁਝ ਅਧਿਕਾਰੀਆਂ ਨੂੰ ਵੀ ਕੂਟਨੀਤਕ ਅਹੁਦਿਆਂ 'ਤੇ ਨਿਯੁਕਤ ਕੀਤਾ ਹੈ।


author

Vandana

Content Editor

Related News