ਧਰਮ ਪਰਿਵਰਤਨ ਮਾਮਲਾ : ਜਗਜੀਤ ਕੌਰ ਦਾ ਪਰਿਵਾਰ ਛੱਡਣਾ ਚਾਹੁੰਦਾ ਹੈ ਪਾਕਿ, ਕੀਤੀ ਇਹ ਅਪੀਲ
Wednesday, Sep 16, 2020 - 06:36 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਨੂੰ ਇਨਸਾਫ ਨਹੀਂ ਮਿਲ ਰਿਹਾ। ਨਨਕਾਣਾ ਸਾਹਿਬ ਗੁਰਦੁਆਰੇ ਦੇ ਗ੍ਰੰਥੀ ਦੀ ਬੇਟੀ ਜਗਜੀਤ ਕੌਰ ਨੂੰ ਅਗਵਾ ਕਰਨ ਦੇ ਬਾਅਦ ਧਰਮ ਪਰਿਵਰਤਨ ਕਰਾ ਕੇ ਜ਼ਬਰਦਸਤੀ ਵਿਆਹ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਉਹਨਾਂ ਨੂੰ ਨਿਆਂ ਨਹੀਂ ਮਿਲ ਪਾਇਆ ਹੈ। ਪਾਕਿਸਤਾਨ ਦੀ ਅਦਾਲਤ ਨੇ ਜਗਜੀਤ ਕੌਰ ਨੂੰ ਉਸ ਨੂੰ ਪਰਿਵਾਰ ਨੂੰ ਵਾਪਸ ਸੌਂਪਣ ਤੋਂ ਮਨਾ ਕਰ ਦਿੱਤਾ ਹੈ। ਪਾਕਿਸਤਾਨੀ ਅਦਾਲਤ ਤੋਂ ਨਿਆਂ ਨਾ ਮਿਲ ਪਾਉਣ ਤੋਂ ਨਾਰਾਜ਼ ਜਗਜੀਤ ਕੌਰ ਦੇ ਪਰਿਵਾਰ ਦੇ 9 ਮੈਂਬਰਾਂ ਨੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਪਾਸਪੋਰਟ ਬਣਾਉਣ ਲਈ ਕਿਹਾ ਹੈ ਕਿਉਂਕਿ ਉਹ ਪਾਕਿਸਤਾਨ ਛੱਡਣਾ ਚਾਹੁੰਦੇ ਹਨ।
ਡੀ.ਸੀ.ਓ. ਨਨਕਾਣਾ ਸਾਹਿਬ ਨੂੰ ਲਿਖੇ ਪੱਤਰ ਵਿਚਪਰਿਵਾਰ ਨੇ ਕਿਹਾ,“ਕਿਰਪਾ ਕਰਕੇ ਜਗਜੀਤ ਕੌਰ ਨੂੰ ਸਾਨੂੰ ਸੌਂਪ ਦਿਓ” ਜਾਂ “ਸਾਡੇ ਪਾਸਪੋਰਟ ਇਸ ਤਰ੍ਹਾਂ ਬਣਾਏ ਜਾਣ ਤਾਂ ਜੋ ਅਸੀਂ ਕਿਸੇ ਹੋਰ ਦੇਸ਼ ਵਿਚ ਸਨਮਾਨ ਨਾਲ ਅਤੇ ਸੁਰੱਖਿਅਤ ਜ਼ਿੰਦਗੀ ਜੀ ਸਕੀਏ।'' ਇਸ ਤੋਂ ਪਹਿਲਾਂ ਇਕ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਜਗਜੀਤ ਨੂੰ ਉਸ ਦੇ ਪਤੀ ਮੁਹੰਮਦ ਹਸਨ ਨਾਲ ਜਾਣਾ ਚਾਹੀਦਾ ਹੈ, ਜਿਸ ਨੇ ਕਿਹਾ ਸੀ ਕਿ ਜਗਜੀਤ ਉਰਫ ਆਇਸ਼ਾ ਬੀਬੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ, ਜਿਸ ਦਾ ਦਾਅਵਾ ਜਗਜੀਤ ਦਾ ਪਰਿਵਾਰ ਰੱਦ ਕਰਦਾ ਹੈ।
ਪੱਤਰ ਵਿਚ ਅੱਗੇ ਲਿਖਿਆ ਗਿਆ ਹੈ, “ਪਾਕਿਸਤਾਨ ਵਰਗੇ ਦੇਸ਼ ਵਿਚ ਰਹਿਣਾ ਸਾਡੇ ਲਈ ਨਾ ਸਿਰਫ ਮੁਸ਼ਕਲ, ਸਗੋਂ ਅਸੰਭਵ ਹੋ ਗਿਆ ਹੈ। ਇਹ ਡਰ ਦੀ ਨਿਸ਼ਾਨੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ।” ਉਨ੍ਹਾਂ ਨੇ ਕਿਹਾ,"ਜਿੱਥੇ ਅਸੀਂ ਆਪਣੇ ਸਨਮਾਨਾਂ ਨੂੰ ਨਹੀਂ ਬਚਾ ਸਕਦੇ, ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ? ਜੇ ਧਰਮ ਪਰਿਵਰਤਨ ਦਾ ਰਿਵਾਜ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਮੈਨੂੰ ਇਹ ਕਹਿਣ ਵਿਚ ਅਫਸੋਸ ਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਵਿਚ ਕੋਈ ਘੱਟਗਿਣਤੀ ਭਾਈਚਾਰਾ ਨਹੀਂ ਰਹੇਗਾ।" ਇਹ ਪੱਤਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ, ਫੌਜ ਮੁਖੀ ਕਮਰ ਬਾਜਵਾ, ਡੀ.ਜੀ. ਆਈ.ਐਸ.ਪੀ.ਆਰ. ਬਾਬਰ ਇਫਤਿਖਾਰ ਅਤੇ ਪੰਜਾਬ ਸੂਬੇ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਹੈ।