ਭਾਰਤ ਦੇ ਏ-ਸੈੱਟ ਪਰੀਖਣ ਦੇ ਮਲਬੇ ''ਤੇ ਪਾਕਿ ਨੇ ਜ਼ਾਹਰ ਕੀਤੀ ਚਿੰਤਾ

Wednesday, Apr 03, 2019 - 01:27 PM (IST)

ਭਾਰਤ ਦੇ ਏ-ਸੈੱਟ ਪਰੀਖਣ ਦੇ ਮਲਬੇ ''ਤੇ ਪਾਕਿ ਨੇ ਜ਼ਾਹਰ ਕੀਤੀ ਚਿੰਤਾ

ਇਸਲਾਮਾਬਾਦ (ਭਾਸ਼ਾ)— ਭਾਰਤ ਦੇ ਏ-ਸੈੱਟ ਮਿਜ਼ਾਈਲ ਪਰੀਖਣ ਕਾਰਨ ਪੁਲਾੜ ਵਿਚ ਜਮਾਂ ਮਲਬੇ 'ਤੇ ਅੰਤਰਰਾਸ਼ਟਰੀ ਮਾਹਰਾਂ ਦੇ ਮੁਲਾਂਕਣ ਨੂੰ ਲੈ ਕੇ ਪਾਕਿਸਤਾਨ ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਭਾਰਤ ਨੇ 27 ਮਾਰਚ ਨੂੰ ਆਪਣੀ ਪੁਲਾੜ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਇਕ ਬਣਾਉਟੀ ਉਪਗ੍ਰਹਿ ਨੂੰ ਉਪਗ੍ਰਹਿ ਵਿਰੋਧੀ ਮਿਜ਼ਾਈਲ ਨਾਲ ਨਸ਼ਟ ਕਰ ਦਿੱਤਾ ਸੀ। ਨਾਸਾ ਨੇ ਸੋਮਵਾਰ ਨੂੰ ਭਾਰਤ ਵੱਲੋਂ ਆਪਣੇ ਹੀ ਉਪਗ੍ਰਹਿ ਨੂੰ ਢੇਰੀ ਕੀਤੇ ਜਾਣ ਨੂੰ 'ਭਿਆਨਕ' ਦੱਸਿਆ ਸੀ। 

ਭਾਰਤ ਦੇ ਏ-ਸੈੱਟ ਪਰੀਖਣ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ,''ਅਜਿਹੀਆਂ ਖਬਰਾਂ ਬਹੁਤ ਚਿੰਤਾਜਨਕ ਹਨ ਕਿ ਇਸ ਪਰੀਖਣ ਨਾਲ ਖਿੱਲਰੇ ਮਲਬੇ ਦੇ ਕੁਝ ਟੁੱਕੜੇ ਅੰਤਰਰਾਸ਼ਟਰੀ ਪੁਲਾੜ ਕੇਂਦਰ ਦੇ ਉੱਪਰ ਪਹੁੰਚ ਗਏ ਹਨ। ਜਿਸ ਨਾਲ ਉਸ ਨੂੰ ਖਤਰਾ ਪੈਦਾ ਹੋ ਗਿਆ ਹੈ।''ਨਾਸਾ ਪ੍ਰਮੁੱਖ ਨੇ ਕਿਹਾ ਸੀ ਕਿ ਨਸ਼ਟ ਕੀਤੇ ਗਏ ਉਪਗ੍ਰਹਿ ਨਾਲ ਪੁਲਾੜ ਦੇ ਪੰਧ ਵਿਚ ਕਰੀਬ 400 ਟੁੱਕੜਿਆਂ ਦਾ ਮਲਬਾ ਜਮਾਂ ਹੋ ਗਿਆ ਹੈ। ਇਸ ਕਾਰਨ ਅੰਤਰਰਾਸ਼ਟਰੀ ਪੁਲਾੜ ਕੇਂਦਰ (ਆਈ.ਐੱਸ.ਐੱਸ.) ਲਈ ਖਤਰਾ ਪੈਦਾ ਹੋ ਗਿਆ ਹੈ। 

ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਪ੍ਰਸ਼ਾਸਕ ਜਿਮ ਬ੍ਰਾਈਡੇਂਸਟਾਈਨ ਨੇ ਕਿਹਾ ਹੈ ਕਿ ਹੁਣ ਤੱਕ ਕਰੀਬ 60 ਟੁੱਕੜਿਆਂ ਦਾ ਪਤਾ ਲਗਾਇਆ ਗਿਆ ਹੈ। ਇਨ੍ਹਾਂ ਵਿਚੋਂ 24 ਟੁੱਕੜੇ ਆਈ.ਐੱਸ.ਐੱਸ. ਦੇ ਸਿਖਰ ਬਿੰਦੂ ਤੋਂ ਉੱਪਰ ਹਨ। ਪਰੀਖਣ ਦੇ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹ ਯਕੀਨੀ ਕੀਤਾ ਸੀ ਕਿ ਪੁਲਾੜ ਵਿਚ ਮਲਬਾ ਜਮਾਂ ਨਾ ਹੋਵੇ। ਜਿਹੜਾ ਵੀ ਮਲਬਾ ਹੋਵੇਗਾ ਉਹ ਨਸ਼ਟ ਹੋ ਜਾਵੇਗਾ ਅਤੇ ਕੁਝ ਹਫਤਿਆਂ ਵਿਚ ਧਰਤੀ 'ਤੇ ਡਿੱਗ ਪਵੇਗਾ।


author

Vandana

Content Editor

Related News