ਪਾਕਿ ਚੋਣ ਕਮਿਸ਼ਨ ਤੋਂ ਇਮਰਾਨ ਖਾਨ ਨੇ ਲਿਖਤੀ ਰੂਪ 'ਚ ਮੰਗੀ ਮੁਆਫੀ

08/10/2018 2:08:26 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਅਗਲੇ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੋਣ ਜ਼ਾਬਤਾ ਉਲੰਘਣਾ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਤੋਂ ਲਿਖਤੀ ਰੂਪ ਵਿਚ ਮੁਆਫੀ ਮੰਗ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਹਲਫਨਾਮਾ ਵੀ ਦਾਖਲ ਕੀਤਾ। ਇਮਰਾਨ ਖਾਨ 'ਤੇ ਦੋਸ਼ ਸੀ ਕਿ ਉਨ੍ਹਾਂ ਨੇ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੌਰਾਨ ਆਪਣੀ ਵੋਟ ਪਾਉਂਦੇ ਸਮੇਂ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਸੀ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਕ ਸਮਾਚਾਰ ਏਜੰਸੀ ਦੀ ਜਾਣਕਾਰੀ ਮੁਤਾਬਕ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। 

ਕਮਿਸ਼ਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਮੁਖੀ ਇਮਰਾਨ ਖਾਨ ਨੂੰ ਚੋਣ ਜ਼ਾਬਤਾ ਉਲੰਘਣਾ ਨੂੰ ਲੈ ਕੇ ਲਿਖਤੀ ਵਿਚ ਮੁਆਫੀ ਮੰਗਣ ਲਈ ਕਿਹਾ ਸੀ। ਮੁਖ ਚੋਣ ਕਮਿਸ਼ਨਰ ਸਰਦਾਰ ਮੁਹੰਮਦ ਰਜ਼ਾ ਦੀ ਪ੍ਰਧਾਨਗੀ ਵਿਚ ਹੋਈ ਚਾਰ ਮੈਂਬਰੀ ਬੈਂਚ ਦੀ ਸੁਣਵਾਈ ਦੌਰਾਨ ਇਮਰਾਨ ਖਾਨ ਨੇ ਲਿਖਤੀ ਮੁਆਫੀ ਅਤੇ ਹਲਫਨਾਮਾ ਦਾਇਰ ਕੀਤਾ। ਕਮਿਸ਼ਨ ਨੇ ਕੱਲ ਇਮਰਾਨ ਖਾਨ ਦੇ ਵਕੀਲ ਬਾਬਰ ਐਵਾਨ ਵੱਲੋਂ ਦਾਖਲ ਜਵਾਬ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬਾਬਰ ਐਵਾਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਲਾਈਂਟ ਨੇ ਜਾਣਬੁੱਝ ਕੇ ਜਨਤਕ ਤੌਰ 'ਤੇ ਆਪਣੇ ਬੈਲੇਟ ਪੇਪਰ 'ਤੇ ਮੋਹਰ ਨਹੀਂ ਲਗਾਈ ਸੀ। ਐਵਾਨ ਨੇ ਨਾਲ ਹੀ ਕਿਹਾ ਸੀ ਕਿ ਇਸ ਝਗੜੇ ਨੂੰ ਹੁਣ ਖਤਮ ਕੀਤਾ ਜਾਵੇ। ਉਨ੍ਹਾਂ ਨੇ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਉਹ ਇਮਰਾਨ ਖਾਨ ਨੂੰ ਐੱਨ.ਏ.-53 ਇਸਲਾਮਾਬਾਦ ਚੋਣ ਖੇਤਰ ਤੋਂ ਜੇਤੂ ਐਲਾਨ ਕਰੇ।


Related News